(ਸਮਾਜ ਵੀਕਲੀ)
ਭਾਰਤ ਵਿੱਚ ਅਮੀਰ ਬੱਚੇ ਦਾ ਬਚਪਨ ਗਰੀਬ ਬੱਚੇ ਦੇ ਬਚਪਨ ਨਾਲੋਂ ਵੱਖਰੀ ਤਰ੍ਹਾਂ ਗੁਜ਼ਰਿਆ ਹੁੰਦਾ ਹੈ। ਅਮੀਰ ਬੱਚਿਆਂ ਦੀਆਂ ਰੀਝਾਂ ਮਾਪਿਆਂ ਵੱਲੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਪਰ ਗਰੀਬ ਬੱਚੇ ਦਾ ਬਚਪਨ ਤੰਗੀਆਂ, ਤੁਰਸ਼ੀਆਂ ਅਤੇ ਮਿਹਨਤ ਭਰਿਆ ਹੁੰਦਾ ਹੈ। ਮੈਨੂੰ ਯਾਦ ਹੈ ਕਿ ਮੈਨੂੰ ਚੌਥੀ ਜਮਾਤ ਵਿੱਚ ਪੜ੍ਹਦਿਆਂ ਹੀ ਹਾਲਾਤ ਨੇ ਮਜ਼ਦੂਰ ਬਣਾ ਦਿੱਤਾ ਸੀ ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਬਚਪਨ ਮਜ਼ਦੂਰ ਹਨ। ਪਿਤਾ ਜੀ ਦੇ ਬਾਹਰ ਰਹਿਣ ਕਰਕੇ ਅਤੇ ਤਿੰਨ ਭੈਣਾਂ ਅਤੇ ਇਕ ਭਰਾ ਤੋਂ ਵੱਡਾ ਹੋਣ ਕਰਕੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੀ। ਸਕੂਲੋਂ ਆੳਦੇ ਹੀ ਮੱਝਾਂ ਨੂੰ ਬਾਹਰ ਚੁਗਾਉਣ ਜਾਣਾ, ਪੱਠੇ ਲੈਕੇ ਆਉਣੇ,ਪੱਠੇ ਕੁਤਰਨੇ ਆਦਿ ਸਾਰੇ ਕੰਮਾਂ ਦੀ ਜ਼ਿਮੇਵਾਰੀ ਮੇਰੇ ਹਿੱਸੇ ਹੀ ਆਉਂਦੀ ਸੀ।
ਜਦੋਂ ਹਾੜੀ ਦਾ ਵਕਤ ਆਉਣਾ ਤਾਂ ਮਾਂ ਨੇ ਇੱਕ ਦਾਤੀ ਆਪ ਅਤੇ ਇੱਕ ਮੈਨੂੰ ਫੜਾ ਕੇ ਖੇਤਾਂ ਨੂੰ ਚਲ ਪੈਣਾ ਕੜਕਦੀ ਧੁੱਪ ਵਿਚ ਜਦੋਂ ਕਿਸੇ ਅਜਨਬੀ ਨੇ ਸੜਕ ਤੋਂ ਸਕੂਟਰ ਤੇ ਲੰਘਣਾ ਤਾਂ ਮਨ ਵਿਚ ਖਿਆਲ ਆਉਂਦਾ ਕਿ ਕਿੰਨੇ ਖੁਸ਼ਕਿਸਮਤ ਹੋਣਗੇ ਇਹ ਲੋਕ। ਅੱਠਵੀਂ ਜਮਾਤ ਚ ਹੋਏ ਤਾਂ ਦਿਹਾੜੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਦੋਂ ਵੀ ਛੁੱਟੀਆਂ ਹੁੰਦੀਆਂ ਮੈਂ ਪਿੰਡ ਦੇ ਮਜ਼ਦੂਰਾਂ ਨਾਲ ਕੰਮ ਤੇ ਚਲਾ ਜਾਂਦਾ ਬਚਪਨ ਦੇ ਸੰਘਰਸ਼ ਨੇ ਮੈਨੂੰ ਛੋਟੀ ਉਮਰੇ ਮਿਹਨਤਕਸ਼ ਬਣਾ ਦਿੱਤਾ ਮੈਨੂੰ ਯਾਦ ਹੈ ਕਿ ਦੱਸਵੀਂ ਜਮਾਤ ਦੇ ਪੇਪਰਾਂ ਤੋਂ ਬਾਅਦ ਮੈ ਆਪਣੇ ਭੂਆਂ ਦੇ ਮੁੰਡੇ ਨਾਲ ਸ਼ਹਿਰ ਵਿੱਚ ਮਜ਼ਦੂਰ ਚੌਂਕ ਤੇ ਕੰਮ ਤੇ ਜਾਣ ਲੱਗ ਪਿਆ ਸੀ।
ਇੱਕ ਦਿਨ ਮੇਰੇ ਲਈ ਬਹੁਤ ਅਹਿਮ ਸੀ ਕੰਮ ਤੇ ਲੱਗੇ ਹੋਏ ਨੂੰ ਬਾਬੂ ਨੇ ਝਾੜੂ ਲਗਾਉਣ ਵਾਸਤੇ ਰੋਹਬ ਮਾਰਿਆ ਲੇਕਿਨ ਮੇਰੀ ਜ਼ਮੀਰ ਨੇ ਉਸ ਵਕਤ ਝਾੜੂ ਫ਼ੜਨ ਦੀ ਹਾਮੀ ਨਹੀਂ ਭਰੀ ਅਤੇ ਉਸ ਤੋਂ ਬਾਅਦ ਪੜ੍ਹਾਈ ਵਿੱਚ ਵੀ ਹੋਰ ਮਿਹਨਤ ਕਰਨ ਦਾ ਮਨ ਬਣਾਇਆ ਇੰਜੀਨੀਅਰਿੰਗ ਕਰਕੇ ਨੌਕਰੀ ਪ੍ਰਾਪਤ ਕੀਤੀ ਅਤੇ ਨੌਕਰੀ ਦੋਰਾਨ ਪੜਾਈ ਦਾ ਸ਼ੌਕ ਪੂਰਾ ਕਰਨ ਲਈ ਐਮ.ਬੀ.ਏ ਕੀਤੀ ਅਤੇ ਹੁਣ ਨੌਕਰੀ ਤੋਂ ਸੇਵਾ ਮੁਕਤੀ ਲੈਕੇ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਈ ਸੰਘਰਸ਼ ਕਰ ਰਹੇ ਹਾਂ ਜਿਹੜੇ ਗਰੀਬੀ ਕਾਰਨ ਸਿਖਿਆ ਤੋਂ ਦੂਰ ਹੁੰਦੇ ਜਾ ਰਹੇ ਹਨ। ਮੇਰੇ ਵਰਗੇ ਇਨ੍ਹਾਂ ਬੱਚਿਆਂ ਨੂੰ ਗਰੀਬੀ ਦੀ ਦਲਦਲ ਵਿਚੋਂ ਨਿਕਲਣ ਲਈ ਬਹੁਤ ਮਿਹਨਤ, ਸੰਘਰਸ਼ ਅਤੇ ਚੰਗੀ ਸਿਖਿਆ ਦੀ ਲੋੜ ਹੈ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly