ਸਾਹਿਤ ਸਭਾ ਦਾ ਘੜਮੱਸ (ਹਾਸ-ਵਿਅੰਗ)

(ਸਮਾਜ ਵੀਕਲੀ)

ਸੋ ਰਸਮੀ ਤੌਰ `ਤੇ ਸਾਹਿਤ ਸਭਾ ਸ਼ੁਰੂ ਹੋ ਜਾਂਦੀ ਹੈ। ਸਭਾ ਦਾ ਸਟੇਜ ਸੰਚਾਲਨ ਕਰਨ ਵਾਲ਼ੇ ਸ਼੍ਰੀ ਪੀਪਟ ਜੀ ਹੌਲ਼ੀ ਤੇ ਉਹ ਵੀ ਹੌਲ਼ੀ ਹੌਲ਼ੀ ਬੋਲਦੇ ਨੇ। ਸਾਰਿਆਂ ਨੂੰ ਕੰਨ ਲਾ ਕੇ ਸੁਣਨਾ ਪੈਂਦਾ ਏ ਕਿ ਕੀ ਬੋਲ ਰਹੇ ਨੇ, ਫੇਰ ਵੀ ਕੁਝ ਸਮਝ ਨਹੀਂ ਆਉਂਦਾ। ਪਿੱਛੋਂ ਕੋਈ ਸਾਹਿਤਕਾਰ ਮੂੰਹ ਜਿਹਾ ਲੁਕੋ ਕੇ ਚੀਕਦਾ ਹੈ,
“ਓਏ ਉੱਚੀ…”

ਸ਼੍ਰੀ ਪੀਪਟ ਗੁੱਸਾ ਨਹੀਂ ਕਰਦੇ ਸੋ ਪਿੱਛੋਂ ਆਈ ਲੁਕਵੀਂ ਜਿਹੀ ਹਿਦਾਇਤ ਦਾ ਉਨ੍ਹਾਂ `ਤੇ ਕੋਈ ਅਸਰ ਨਹੀਂ ਹੁੰਦਾ। ਉਨ੍ਹਾਂ ਦੀ ਆਵਾਜ਼ ਪਹਿਲਾਂ ਵਾਂਗ ਹੀ ਹੌਲ਼ੀ ਤੇ ਹੌਲ਼ੀ ਹੌਲ਼ੀ ਆ ਰਹੀ ਹੈ। ਉਹ ਬੋਲ ਹਟੇ ਨੇ, ਪਤਾ ਨਹੀਂ ਲੱਗਿਆ ਕਿ ਕਿਸ ਨੂੰ ਸਟੇਜ `ਤੇ ਰਚਨਾ ਪੜ੍ਹਨ ਲਈ ਬੁਲਾਇਆ ਹੈ। ਸਾਰਿਆਂ ਨੇ ਕਮਰਕਸੇ ਕਸ ਲਏ ਨੇ। ਮੰਚ ਵੱਲ ਦੌੜਨ ਦੀ ਤਿਆਰੀ ਹੈ। ਸ਼੍ਰੀ ਪੀਪਟ ਨੇ ਕਵੀ ਬੁੜਬਕ ਬਿਹਾਰੀ ਨੂੰ ਇਸ਼ਾਰਾ ਕਰਕੇ ਸਟੇਜ `ਤੇ ਆਉਣ ਦਾ ਸੱਦਾ ਦਿੱਤਾ ਹੈ। ਬੁੜਬਕ ਬਿਹਾਰੀ, ਹਰੀ ਬੱਤੀ ਮਿਲਦਿਆਂ ਹੀ ਸਾਰਿਆਂ ਵੱਲ ਜੇਤੂ ਅੰਦਾਜ਼ ਨਾਲ਼ ਵੇਖਦਾ ਮੰਚ ਵੱਲ ਵਧਿਆ ਹੈ। ਮੰਚ `ਤੇ ਜਾ ਕੇ ਉਹ ਨੇ ਗਲ਼ਾ ਸਾਫ਼ ਕੀਤਾ ਹੈ (ਜਿਹੜਾ ਕਿ ਪਹਿਲਾਂ ਹੀ ਸਾਫ਼ ਹੈ)। ਮਾਈਕ ਨਹੀਂ ਹੈ ਫਿਰ ਵੀ ਉਸ ਨੇ ਮਾਈਕ ਸੈੱਟ ਕਰਨ ਦਾ ਅਭਿਨੈ ਕੀਤਾ ਹੈ।
“ਪੇਸ਼ ਹੈ ਨਈਂ ਕਵਿਤਾ…” ਬੁੜਬਕ ਜੀ ਦਾ ਇਹ ਵਾਕ ਕਿਸੇ ਨੂੰ ਪ੍ਰਭਾਵਿਤ ਨਹੀਂ ਕਰਦਾ।
“ ਪਿਛਲੇ ਕਿੰਨੇ ਸਾਲ ਤੋਂ ਨਈਂ ਹੈ…?” ਪਿੱਛੋਂ ਕੋਈ ਸਾਹਿਤਕਾਰ ਮੂੰਹ ਜਿਹਾ ਲੁਕੋ ਕੇ ਚੀਕਦਾ ਹੈ।

ਸਾਰੀ ਸਭਾ ਵਿੱਚ ਹਾਸਾ ਗੂੰਜਦਾ ਹੈ। ਪ੍ਰਧਾਨ ਜੀ ਸਣੇ ਸਾਰੇ ਇਸ ਹਾਸੇ ਵਿੱਚ ਸ਼ਾਮਿਲ ਹੋਣ ਦਾ ਅਭਿਨੈ ਕਰਦੇ ਹਨ। ਸ਼੍ਰੀ ਬੁੜਬਕ ਬਿਹਾਰੀ ਜੀ ਨੂੰ ਲਗਦਾ ਹੈ ਕਿ ਸੱਚੀਂ ਕੋਈ ਹੱਸਣ ਵਾਲ਼ੀ ਗੱਲ ਹੈ ਸੋ ਉਹ ਵੀ ਹੱਸਣ ਲੱਗ ਪੈਂਦੇ ਹਨ। ਫਿਰ ਕਵਿਤਾ ਦਾ ਸ਼ੀਰਸ਼ਕ ਦੱਸ ਕੇ ਕਵਿਤਾ ਸੁਣਾਉਣੀ ਸ਼ੁਰੂ ਕਰਦੇ ਹਨ। ਸਭਾ ਵਿੱਚ ਬੈਠੇ 2-3 ਸਾਹਿਤਕਾਰ ਦੋਸਤ ਮਿੱਤਰ ਕਵੀ ਬੁੜਬਕ ਜੀ ਦੇ ਨਾਲ਼ ਮੂੰਹ ਜ਼ੁਬਾਨੀ ਕਵਿਤਾ ਦੁਹਰਾ ਰਹੇ ਹਨ। ਬਿਹਾਰੀ ਸਾਹਿਬ ਕਵਿਤਾ ਲਿਖ ਕੇ ਲਿਆਏ ਹਨ, ਸ਼ਾਇਦ ਉਨ੍ਹਾਂ ਨੂੰ ਕਵਿਤਾ ਯਾਦ ਨਹੀਂ। ਇੱਕ ਥਾਂ `ਤੇ ਜਾ ਕੇ ਬਿਹਾਰੀ ਜੀ ਉੱਕਦੇ ਹਨ ਤਾਂ ਇੱਕ ਸੱਜਣ ਉਨ੍ਹਾਂ ਨੂੰ ਭੁੱਲੀ ਲਾਈਨ ਚੇਤੇ ਕਰਵਾ ਦਿੰਦਾ ਹੈ। ਸਾਰੇ ਸਾਹਿਤਕਾਰ ਉਸ ਯਾਦ ਕਰਾਉਣ ਵਾਲ਼ੇ ਸੱਜਣ ਨੂੰ ਦਾਦ ਦਿੰਦੇ ਹਨ। ਬਿਹਾਰੀ ਜੀ ਕਵਿਤਾ ਸਮਾਪਤ ਕਰਦੇ ਹਨ। ਸ਼੍ਰੀ ਪੀਪਟ ਫੇਰ ਮੰਚ ਸੰਭਾਲ ਲੈਂਦੇ ਹਨ। ਸਾਰਿਆਂ ਦੇ ਕੰਨ ਮੰਚ ਵੱਲ ਲੱਗੇ ਹੋਏ ਹਨ ਕਿ ਅਗਲਾ ਕੌਣ ? ਲਾਟਰੀ ਫੇਰ ਖੁਲ੍ਹਦੀ ਹੈ। ਨਾਮ ਇਸ ਵਾਰ ਵੀ ਸਮਝ ਨਹੀਂ ਆਇਆ। ਮਹਿਬੂਬ ਘੋੜਾ ਜੀ ਅੰਦਾਜ਼ਾ ਜਿਹਾ ਲਾ ਕੇ ਆਪ ਹੀ ਮੰਚ ਵੱਲ ਸਰਪਟ ਦੌੜ ਪੈਂਦੇ ਹਨ ਪਰ ਅੱਗੇ ਬੈਰੀਅਰ ਬਣੇ ਖੜ੍ਹੇ ਪੀਪਟ ਜੀ ਉਨ੍ਹਾਂ ਨੂੰ ਬੇਰੰਗ ਚਿੱਠੀ ਵਾਂਗ ਵਾਪਸ ਮੋੜ ਦਿੰਦੇ ਹਨ, “ਘੋੜਾ ਸਾਹਬ ਅਜੇ ਆਪਣੀਆਂ ਲਗਾਮਾਂ ਕਸੋ, ਮੈਂ ਤਾਂ ਜੌੜਾ ਸਾਹਬ ਨੂੰ ਬੇਨਤੀ ਕੀਤੀ ਹੈ।”

ਘੋੜਾ ਸਾਹਬ ਮਾਯੂਸੀ ਜਿਹੀ ਨਾਲ਼ ਜੌੜਾ ਸਾਹਬ ਦਾ ਨਾਮ ਪੁਕਾਰਦੇ ਹਨ ਤਾਂ ਜੌੜਾ ਸਾਹਿਬ ਦੀਆਂ ਵਾਛਾਂ ਖਿੜ ਜਾਂਦੀਆਂ ਹਨ। ਮੈਨੂੰ ਇੱਕ ਗੱਲ ਅੱਜ ਤੱਕ ਸਮਝ ਨਹੀਂ ਆਈ ਕਿ ਜਦੋਂ ਜੌੜਾ ਸਾਹਬ ਨੇ ਇਕੱਲੇ ਈ ਆਉਣਾ ਹੁੰਦਾ ਹੈ ਤਾਂ ਜੌੜੇ ਦਾ ਕੀ ਮਤਲਬ ਹੋਇਆ। ਵੀਹ ਵਾਰੀ ਸੋਚਿਆ ਹੈ ਕਿ ਇਹ ‘ਜੌੜੇ` ਦਾ ਰਾਜ਼ ਪੁੱਛਾਂ ਪਰ ਫੇਰ ਸੋਚੀਦੈ, “ਢੱਠੇ ਖੂਹ ਵਿੱਚ ਪਏ ਜੌੜਾ ਨਾਲੇ ਘੋੜਾ, ਸਾਨੂੰ ਕੀ ਹੋਰ ਕੰਮਾਂ ਦਾ ਤੋੜੈ…?”
ਜੌੜਾ ਸਾਹਬ ਦਾ ਆਪਣਾ ਵਿਲੱਖਣ ਅੰਦਾਜ਼ ਹੈ। ਉਹ ਗੀਤ ਲਿਖਦੇ ਹਨ ਤੇ ਵੱਡੀ ਗੱਲ ਇਹ ਹੈ ਕਿ ਆਪ ਗਾਉਂਦੇ ਵੀ ਹਨ। ਫੇਰ ਮੂੰਹ ਨਾਲ਼ ਢੋਲਕੀਆਂ ਛੈਣੇ ਵੀ ਵਜਾਉਂਦੇ ਹਨ। ਉਹ ਦੋਗਾਣੇ ਹੀ ਲਿਖਦੇ ਹਨ। ਦੋਗਾਣੇ ਵਿਚਲੇ ਮੁੰਡੇ ਦੀ ਆਵਾਜ਼ ਤਾਂ ਉਨ੍ਹਾਂ ਦੀ ਆਪਣੀ ਹੀ ਹੁੰਦੀ ਹੈ ਤੇ ਆਪਣੀ ਆਵਾਜ਼ ਨੂੰ ਤਿੱਖੀ ਬਾਰੀਕ ਜਿਹੀ ਕਰਕੇ ਉਹ ਕੁੜੀ ਦੀ ਆਵਾਜ਼ ਵੀ ਆਪੇ ਹੀ ਕੱਢ ਲੈਂਦੇ ਹਨ।
‘ਕਿਤੇ ਦੋ ਆਵਾਜ਼ਾਂ ਕੱਢਣ ਕਰਕੇ ਹੀ ਤਾਂ ਨਹੀਂ ਇਨ੍ਹਾਂ ਦਾ ਨਾਮ ਜੌੜਾ ਪਿਆ…` ਚਲੋ ਛੱਡੋ ਆਪਾਂ ਕੀ ਲੈਣਾ।

ਸੋ ਜੌੜਾ ਸਾਹਬ ਨੇ ਅੱਜ ਫੇਰ ਦੋਗਾਣਾ ਪੇਸ਼ ਕੀਤਾ। ਗੀਤ ਮੁਕਾ ਕੇ, ਮੂੰਹ ਨਾਲ਼ ਤੂੰਬੀ ਵਜਾ ਕੇ ਸਮਾਪਤੀ ਟਿੰਗ ਟਿੰਗ ਟਿੰਗ ਕੀਤੀ। ਸਾਰਿਆਂ ਨੇ ਤਾੜੀਆਂ ਵਜਾਈਆਂ। ਹਰੇਕ ਦੀ ਰਚਨਾ ਸਮਾਪਤ ਹੋਣ ਉਪਰੰਤ ਸਾਰਿਆਂ ਨੇ ਤਾੜੀ ਜ਼ਰੂਰ ਮਾਰਨੀ ਹੁੰਦੀ ਹੈ, ਇਹ ਇੱਕ ਚੁੱਪ ਚੁਪੀਤਾ ਜਿਹਾ ਨਿਅਮ ਹੈ। ਜਿਸ ਵਿੱਚ ਹਮੇਸ਼ਾਂ ਇੱਕ ਧਮਕੀ ਵੀ ਲਟਕਦੀ ਰਹਿੰਦੀ ਹੈ, ‘ਫੇਰ ਤੇਰੀ ਵਾਰੀ ਵੀ ਤਾਂ ਆਉਣੀ ਐ…`
ਸ਼੍ਰੀ ਪੀਪਟ ਨੇ ਫੇਰ ਆਪਣੀ ਪੀਪਣੀ ਵਜਾਉਣੀ ਸ਼ੁਰੂ ਕਰ ਦਿੱਤੀ ਹੈ। ਲਾਟਰੀ ਬੰਪਰ ਫੇਰ ਖੁਲ੍ਹਣ ਵਾਲ਼ਾ ਹੈ।
“ਉੱਚੀ ਬੋਲ” ਪਿੱਛੋਂ ਫੇਰ ਮੂੰਹ ਜਿਹਾ ਲੁਕੋ ਕੇ ਕੋਈ ਕੂਕਿਆ ਹੈ।

ਸ਼੍ਰੀ ਪੀਪਟ ਇਨ੍ਹਾਂ ਸਭ ਫ਼ਿਕਰਿਆਂ ਤੇ ਫ਼ਿਕਰਾਂ ਤੋਂ ਬੇਲਾਗ ਹਨ ਪਰ ਪ੍ਰਧਾਨ ਜੀ ਨੂੰ ਗੁੱਸਾ ਆ ਗਿਆ ਹੈ। ਸ਼੍ਰੀ ਪੀਪਟ ਦੀ ਥਾਏਂ ਪ੍ਰਧਾਨ ਜੀ ਕੂਕੇ, “ਇਨ੍ਹਾਂ ਦਾ ਗਲ਼ਾ ਹੈ, ਕੋਈ ਭੋਂਪੂ ਤਾਂ ਨਹੀਂ। ਮੰਨਿਆ ਪੀਪਟ ਜੀ ਹੌਲ਼ੀ ਬੋਲਦੇ ਨੇ…”

“ਤੇ ਹੌਲ਼ੀ ਹੌਲ਼ੀ ਵੀ…” ਪਿਛੋਂ ਫੇਰ ਕਿਸੇ ਨੇ ਫ਼ਿਕਰਾ ਕਸਿਆ ਹੈ।

“ਯਾਰ ਹਰੇਕ ਬੰਦੇ ਦੀ ਆਪਣੀ ਸਹਿਜਤਾ ਹੁੰਦੀ ਐ, ਆਪਣੀ ਸਪੀਡ ਹੁੰਦੀ ਐ। ਨਾਲ਼ੇ ਸਾਹਿਤ ਤਾਂ ਸਹਿਜਤਾ ਨਾਲ਼ ਜੁੜਿਆ ਹੋਇਆ ਹੈ।”

“ਅਗਲੇ ਨੂੰ `ਵਾਜ ਮਾਰੋ ਜੀ…” ਪਿੱਛੋਂ ਫੇਰ ਤਲਖ਼ ਜਿਹੀ ਆਵਾਜ਼ ਸੁਣਦੀ ਹੈ।

“ਤੂੰ ਹੀ ਆਜਾ ਫੇਰ…” ਪ੍ਰਧਾਨ ਜੀ ਵੀ ਤਲਖ਼ੀ ਨਾਲ਼ ਬੋਲੇ ਹਨ। ਉਹ ਜਾਣਦੇ ਹਨ ਇਹ ਕੌਣ ਹੈ।
#Swami_Sarabjeet

ਇਹ ਢਾਡੀ ਖੜਕ ਸਿੰਘ ਖੜਕ ਹਨ। ਪਿਛਲੀ ਸਾਹਿਤ ਸਭਾ ਦੀ ਪ੍ਰਧਾਨ ਦੀ ਚੋਣ ਕਰਨ ਸਮੇਂ ਖੜਕ ਸਿੰਘ ਖੜਕ ਨੇ ਸਰਵਸੰਮਤੀ ਨਾਲ਼ ਚੁਣੇ ਗਏ ਪ੍ਰਧਾਨ ਜੀ ਦੇ ਨਾਮ `ਤੇ ਅਸਹਿਮਤੀ ਜਤਾਈ ਸੀ। ਉਹ ਅਸਹਿਮਤੀ ਪ੍ਰਗਟਾਉਣ ਵਾਲ਼ਾ ਕੱਲਾ ਸੀ ਫੇਰ ਪ੍ਰਧਾਨ ਜੀ ਨੂੰ ਸਰਵਸੰਮਤੀ (ਇੱਕ ਜਣੇ ਦੀ ਸਹਿਮਤੀ ਤੋਂ ਬਿਨਾਂ) ਨਾਲ਼ ਮੁੜ ਪ੍ਰਧਾਨ ਚੁਣ ਲਿਆ ਗਿਆ। ਸੋ ਉਦੋਂ ਦੀ ਪ੍ਰਧਾਨ ਜੀ ਤੇ ਖੜਕ ਸਿੰਘ ਦੀ ਅੰਦਰਖਾਤੇ ਖੜਕਦੀ ਹੀ ਰਹਿੰਦੀ ਹੈ। ਸਿੱਧਾ ਭਾਵੇਂ ਇੱਕ-ਦੂਜੇ ਨੂੰ ਕੁਝ ਨਹੀਂ ਕਹਿੰਦੇ ਪਰ ਪੁੱਠਾ ਬੋਲਣੋਂ ਵੀ ਟਲ਼ਦੇ ਨਹੀਂ। ਖੜਕ ਸਿੰਘ ਵੀ ਵਿੱਚ ਵਿੱਚ ਆਰ ਲਾਉਂਦਾ ਹੀ ਰਹਿੰਦਾ ਹੈ। ਸੋ ਹੁਣ ਪ੍ਰਧਾਨ ਜੀ ਦੇ ਸਿੱਧੇ ਚੈਲੰਜ ਨੂੰ ਸਵੀਕਾਰ ਕਰਕੇ ਖੜਕ ਸਿੰਘ ਉੱਠ ਖੜੋਂਦਾ ਹੈ ਤੇ ਆਪਣੀ ਕੜਕਦੀ ਆਵਾਜ਼ ਵਿੱਚ ਬੋਲਦਾ ਹੈ, “ਪ੍ਰਧਾਨ, ਆਹ ਜਿੰਨਾ ਸਮਾਂ ਤੇਰਾ ਮੰਚ ਸੰਚਾਲਕ ਨਾਮ ਬੋਲਣ `ਚ ਲਾਉਂਦੈ, ਓਨੇ ਟੈਮ `ਚ 4 ਬੰਦੇ ਭੁਗਤ ਜਾਣ…”

ਸ਼੍ਰੀ ਪੀਪਟ ਮੋਨੀ ਬਾਬੇ ਵਾਂਗ ਮੌਨ ਧਾਰ ਕੇ ਰਖਦੇ ਹਨ, ਪ੍ਰਧਾਨ ਜੀ ਹੀ ਬੋਲਦੇ ਹਨ, “ਖੜਕ ਸਿੰਘ ਇਹ ਸਾਹਿਤ ਸਭਾ ਹੈ, ਆਪਾਂ ਇੱਥੇ ਬੰਦੇ ਭੁਗਤਾਣ ਥੋੜ੍ਹਾ ਆਏ ਆਂ…”

“ਕੁਛ ਬੀ ਕਹੋ, ਇਹਦੀ ਢਿੰਬਰੀ ਟੈਟ ਕਰਨ ਆਲ਼ੀ ਐ। ਆਪ ਤਾਂ ਇਹ ਪਤੰਦਰ ਕੀੜੀ `ਤੇ ਚੜਿਐ ਹੋਇਐ ਤੇ ਸਾਨੂੰ ਕੀੜਿਆਂ ਆਲ਼ੇ ਭੌਣ `ਤੇ ਬਿਠਾ ਰੱਖਿਐ…” ਖੜਕ ਸਿੰਘ ਦੀ ਕੀੜੀ-ਕੀੜਿਆਂ ਵਾਲ਼ੀ ਗੱਲ ਸੁਣ ਕੇ ਪ੍ਰਧਾਨ ਜੀ ਦਾ ਪਾਰਾ ਚੜ੍ਹ ਗਿਆ ਹੈ, “ਇਹ ਤਾਂ ਐਂਈ ਬੋਲੂ, ਜਿਹਨੇ ਸੁਣਨਾ ਹੈ ਸੁਣੇ ਨਹੀਂ ਤਾਂ ਤੁਰਦਾ ਬਣੇ…”

ਖੜਕ ਸਿੰਘ ਨੇ ਵੀ ਖੜਕਾ ਕਰ ਦਿੱਤਾ, “ਤੁਰਦਾ ਕਿਉਂ ਬਣੇ ਇਹ ਸਾਹਿਤ ਸਭਾ ਇਹਦੇ ਪਿਓ ਦੀ ਐ ?”

ਖੜਕਾਟ ਹੋਰ ਵੀ ਪੈ ਜਾਣਾ ਸੀ ਜੇ ਸਾਹਿਤਕਾਰ ਮਿੱਤਰ ਵਿੱਚ ਪੈ ਕੇ ਮਾਮਲੇ ਨੂੰ ਠੰਢਾ ਨਾ ਕਰਦੇ। ਲੜਾਈ, ਰੌਲ਼ੇ ਦਾ ਕਿਸੇ ਨੂੰ ਫ਼ਿਕਰ ਨਹੀਂ ਸੀ, ਫ਼ਿਕਰ ਸੀ ਤਾਂ ਬੱਸ ਇਹੇ ਕਿ ਅਜੇ ਉਨ੍ਹਾਂ ਦਾ ਨਾਮ ਬੋਲਿਆ ਜਾਣਾ ਬਾਕੀ ਹੈ। ਅੰਤ ਨੂੰ ਗੱਲ ਇੱਥੇ ਨਿਬੜੀ ਕਿ ‘ਕਲਾਸ ਰੂਮ ਵਿੱਚ ਲੱਗੇ ਬਲੈਕ ਬੋਰਡ `ਤੇ ਸ਼੍ਰੀ ਪੀਪਟ ਨਾਮ ਲਿਖਣ (ਮੂੰਹੋਂ ਨਾ ਬੋਲਣ) ਜਿਸ ਸਾਹਿਤਕਾਰ ਦਾ ਨਾਮ ਬਲੈਕ ਬੋਰਡ ਬੋਲੇ, ਉਹੀ ਆ ਕੇ ਮੰਚ `ਤੇ ਬੋਲੇ।` ਇਸ ਫੈਸਲੇ ਦਾ ਭਰਵਾਂ ਸੁਆਗਤ ਹੋਇਆ।

ਸ਼੍ਰੀ ਪੀਪਟ ਚਾੱਕ ਲੈ ਕੇ ਬਲੈਕ ਬੋਰਡ `ਤੇ ਲਿਖਣ ਲੱਗੇ ਐਨ ਟਿਕਾ ਟਿਕਾ ਕੇ। ਖੜਕ ਸਿੰਘ ਫੇਰ ਬੋਲ ਪਿਆ, “ਉਹ ਯਾਰ ਇਹ ਦੇ ਤਾਂ ਹੱਥ ਨਾਲ਼ ਵੀ ਰਾਕੇਟ ਬੰਨ੍ਹਣਾ ਪਊ।”

ਭਾਵੇਂ ਸਾਰੇ ਹੀ ਸ਼੍ਰੀ ਪੀਪਟ ਦੀ ਇੱਕ ਕੀੜੀ ਚਾਲ ਤੋਂ ਪਰੇਸ਼ਾਨ ਸਨ ਪਰ ਖੜਕ ਸਿੰਘ ਨਾਲ਼ ਸਹਿਮਤੀ ਕਿਸੇ ਨੇ ਨਾ ਪ੍ਰਗਟਾਈ। ਸ਼੍ਰੀ ਪੀਪਟ ਨੇ ਬਲੈਕ ਬੋਰਡ `ਤੇ ਨਾਮ ਲਿਖਣਾ ਸ਼ੁਰੂ ਕੀਤਾ, ‘ਪਹਾੜ…`

ਤਾਂ ਪਹਾੜਾ ਸਿੰਘ ਚੱਕਧਰ ਹੋਰ ਅੱਗੇ ਆਪਣਾ ਪੂਰਾ ਨਾਮ ਲਿਖੇ ਜਾਣ ਦੀ ਉਡੀਕ ਨਾ ਕਰਦਾ ਹੋਇਆ ਫਟਾਫਟ ਮੰਚ `ਤੇ ਪਹੰੁਚ ਗਿਆ। ਜਿੰਨੀ ਦੇਰ ਵਿੱਚ ਸ਼੍ਰੀ ਪੀਪਟ ਨੇ ਬਲੈਕ ਬੋਰਡ `ਤੇ ‘ਪਹਾੜਾ ਸਿੰਘ ਚੱਕਧਰ` ਦਾ ਨਾਮ ਲਿਖਿਆ ਓਨੀ ਦੇਰ ਵਿੱਚ ਪਹਾੜਾ ਸਿੰਘ ਆਪਣੀ ਮਿੰਨੀ ਕਹਾਣੀ ਪੜ੍ਹ ਕੇ ਮੁੜ ਆਪਣੀ ਥਾਂ `ਤੇ ਜਾ ਬੈਠਾ। ਸ਼੍ਰੀ ਪੀਪਟ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬਿਆ ‘ਪਹਾੜਾ ਸਿੰਘ ਚੱਕਧਰ` ਦਾ ਨਾਮ ਬਲੈਕ ਬੋਰਡ `ਤੇ ਵਾਹ ਰਿਹਾ ਸੀ ਕਿ ਉਹਨੂੰ ਪਤਾ ਹੀ ਨਾ ਲੱਗਿਆ ਕਿ ਬੰਦਾ ਤਾਂ ਭੁਗਤ ਵੀ ਗਿਆ ਹੈ। ਉਹ ਨੇ ਪੂਰਾ ਨਾਮ ਲਿਖਣ ਤੋਂ ਬਾਦ ਪਹਾੜਾ ਸਿੰਘ ਨੂੰ ਮੰਚ `ਤੇ ਆਉਣ ਦਾ ਇਸ਼ਾਰਾ ਕੀਤਾ ਤਾਂ ਖੜਕ ਸਿੰਘ ਬੋਲ ਪਿਆ, “ਪਹਾੜਾ ਸਿੰਘ ਤਾਂ ਪੂਰੀ ਕਰੂਏ ਦੀ ਕਥਾ ਸੁਣਾ ਕੇ ਬਗ ਵੀ ਗਿਆ, ਹੁਣ ਕਿਹਨੂੰ ਡੀਕੀ ਜਾਨੈ, ਅਗਲਾ ਨਾਮ ਲਿਖ ਛੇਤੀ…”

 ਸਵਾਮੀ ਸਰਬਜੀਤ
(ਹਾਸ–ਵਿਅੰਗ ਪੁਸਤਕ ”ਬਕਵਾਸ ਕਿਤਾਬ” ਵਿੱਚੋਂ)

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਤਕਾ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ( ਲੁਧਿਆਣਾ) ਜਿਲ੍ਹਾ ਜੇਤੂ
Next article“ਹਾਸ਼ਮ ਫਤਿਹ ਨਸ਼ੀਬ ਤਿਨਾਂ ਨੂੰ, ਜਿਨ੍ਹਾਂ ਹਿੰਮਤ ਯਾਰ ਬਣਾਈ”-