ਧੋਨੀ ਨੇ 38ਵਾਂ ਜਨਮ ਦਿਨ ਮਨਾਇਆ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਆਪਣੀ ਪਤਨੀ ਸਾਕਸ਼ੀ ਅਤੇ ਧੀ ਜ਼ੀਵਾ ਨਾਲ 38ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਭਾਰਤੀ ਟੀਮ ਦੇ ਉਸ ਦੇ ਸਾਥੀ ਖਿਡਾਰੀ ਵੀ ਮੌਜੂਦ ਸਨ। ਸਾਬਕਾ ਅਤੇ ਮੌਜੂਦਾ ਕ੍ਰਿਕਟਰਾਂ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਮੌਜੂਦਾ ਕਪਤਾਨ ਵਿਰਾਟ ਕੋਹਲੀ, ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ, ਕੇਦਾਰ ਜਧਵ, ਰਿਸ਼ਭ ਪੰਤ, ਪ੍ਰਗਿਆਨ ਓਝਾ, ਰਿਧੀਮਾਨ ਸਾਹਾ, ਆਰਪੀ ਸਿੰਘ, ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ, ਮੁਹੰਮਦ ਕੈਫ ਅਤੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਭਾਰਤ ਨੂੰ ਆਈਸੀਸੀ ਦੇ ਤਿੰਨ ਵਿਸ਼ਵ ਖ਼ਿਤਾਬ ਦਿਵਾਉਣ ਵਾਲੇ ਧੋਨੀ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਸਾਬਕਾ ਸਲਾਮੀ ਬੱਲੇਬਾਜ਼ ਵੀਰੇਂਦਰ ਸਹਿਵਾਗ ਨੇ ਟਵੀਟ ਕੀਤਾ, ‘‘ਦੁਨੀਆਂ ਵਿੱਚ ਸੱਤ ਮਹਾਂਦੀਪ, ਹਫ਼ਤੇ ਵਿੱਚ ਸੱਤ ਦਿਨ, ਸਤਰੰਗੀ ਪੀਂਘ ਵਿੱਚ ਸੱਤ ਰੰਗ, ਸੱਤ ਧੁਨਾਂ, ਮਨੁੱਖਾਂ ਵਿੱਚ ਸੱਤ ਚੱਕਰ, ਵਿਆਹ ਵਿੱਚ ਸੱਤ ਫੇਰੇ, ਦੁਨੀਆਂ ਵਿੱਚ ਸੱਤ ਅਜੂਬੇ, ਸੱਤਵੇਂ ਮਹੀਨੇ ਦਾ ਸੱਤਵਾਂ ਦਿਨ-ਕ੍ਰਿਕਟ ਜਗਤ ਦੇ ਅਜੂਬੇ ਦਾ ਜਨਮ ਦਿਨ। ਜਨਮ ਦਿਨ ਮੁਾਬਰਕ ਹੋਵੇ।’’ ਭਾਰਤੀ ਫ਼ਿਰਕੀ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਧੋਨੀ ਨੂੰ ਵਧਾਈ ਦਿੱਤੀ। ਸਾਕਸ਼ੀ ਨੇ ਜਸ਼ਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ਵਿੱਚ ਧੋਨੀ ਦੇ ਚਿਹਰੇ ’ਤੇ ਕੇਕ ਮਲਿਆ ਹੋਇਆ ਹੈ।ਇੱਕ ਹੋਰ ਪੋਸਟ ਵਿੱਚ ਧੋਨੀ ਨੂੰ ਜੀਵਾ ਨਾਲ ਤਿੰਨ ਕੇਕ ਕੱਟਦੇ ਹੋਏ ਵੇਖਿਆ ਜਾ ਸਕਦਾ ਹੈ, ਜਦਕਿ ਬਾਕੀ ਲੋਕ ਉਨ੍ਹਾਂ ਨੂੰ ਘੇਰੀ ਖੜ੍ਹੇ ਹਨ। ਰਿਸ਼ਭ ਪੰਤ ਨੇ ਟਵੀਟ ਕੀਤਾ, ‘‘ਜਨਮ ਦਿਨ ਮੁਬਾਰਕ ਹੋਵੇ ਮਾਹੀ ਭਾਈ। ਇੱਕ ਮੇਂਟਰ, ਭਰਾ ਅਤੇ ਦੋਸਤ ਵਜੋਂ ਹਮੇਸ਼ਾ ਮੌਜੂਦ ਰਹਿਣ ਲਈ ਧੰਨਵਾਦ। ਜ਼ਿੰਦਗੀ ਵਿੱਚ ਹੋਰ ਸਫਲਤਾ ਮਾਣੋ।’’ ਵੀਵੀਐਸ ਲਕਸ਼ਮਣ ਨੇ ਕਿਹਾ, ‘‘ਮਹਿੰਦਰ ਸਿੰਘ ਧੋਨੀ ਨੂੰ ਜ਼ਿੰਦਗੀ ਵਿੱਚ ਸ਼ੁੱਭਕਾਮਨਾਵਾਂ।’’ ਆਈਸੀਸੀ ਨੇ ਧੋਨੀ ਦੇ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਸ਼ਨਿੱਚਰਵਾਰ ਨੂੰ ਉਸ ਦੀਆਂ ਪ੍ਰਾਪਤੀਆਂ ਦਾ ਵੀਡੀਓ ਜਾਰੀ ਕੀਤਾ।

Previous articleਲਾਵਾਰਿਸ ਲਾਸ਼ਾਂ ਸਾੜਨ ਖ਼ਿਲਾਫ਼ ਸੁਪਰੀਮ ਕੋਰਟ ’ਚ ਪਟੀਸ਼ਨ
Next articleਹਾਦਸੇ ਵਿੱਚ ਬੱਚੀ ਦੀ ਮੌਤ; ਪਰਿਵਾਰ ਨੇ ਆਵਾਜਾਈ ਰੋਕੀ