ਹਾਥਰਸ ਘਟਨਾ ‘ਭਿਆਨਕ’: ਸੁਪਰੀਮ ਕੋਰਟ

ਨਵੀਂ ਦਿੱਲੀ (ਸਮਾਜ ਵੀਕਲੀ) : ਸੁਪਰੀਮ ਕੋਰਟ ਨੇ ਹਾਥਰਸ ਘਟਨਾ ਨੂੰ ‘ਭਿਆਨਕ’ ਕਰਾਰ ਦਿੰਦਿਆਂ ਊੱਤਰ ਪ੍ਰਦੇਸ਼ ਸਰਕਾਰ ਨੂੰ ਇਸ ਕੇਸ ਨਾਲ ਸਬੰਧਤ ਗਵਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੁਣ ਤੱਕ ਚੁੱਕੇ ਕਦਮਾਂ ਬਾਰੇ 8 ਅਕਤੂਬਰ ਤਕ ਸੂਚਿਤ ਕਰਨ ਦੀ ਤਾਕੀਦ ਕੀਤੀ ਹੈ। ਉਧਰ ਯੋਗੀ ਸਰਕਾਰ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਏ ਜਾਣ ਦੀ ਗੁਜ਼ਾਰਿਸ਼ ਕੀਤੀ ਹੈ।

ਇਸ ਦੌਰਾਨ ਕੌਮੀ ਮਹਿਲਾ ਕਮਿਸ਼ਨ ਨੇ ਹਾਥਰਸ ਪੀੜਤਾ ਦੀ ਟਵਿੱਟਰ ’ਤੇ ਕਥਿਤ ਪਛਾਣ ਨਸ਼ਰ ਕਰਨ ਬਦਲੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ, ਕਾਂਗਰਸ ਆਗੂ ਦਿਗਵਿਜੈ ਸਿੰਘ ਤੇ ਅਦਾਕਾਰਾ ਸਵਰਾ ਭਾਸਕਰ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗ ਲਿਆ ਹੈ। ਕਮਿਸ਼ਨ ਨੇ ਉਨ੍ਹਾਂ ਨੂੰ ਸਬੰਧਤ ਪੋਸਟਾਂ ਹਟਾਉਣ ਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਤੋਂ ਵਰਜਿਆ ਹੈ। ਉਧਰ ਸੀਪੀਆਈ ਤੇ ਸੀਪੀਐੱਮ ਦੇ ਸਾਂਝੇ ਵਫ਼ਦ ਨੇ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।

ਵਫ਼ਦ ਵਿੱਚ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀਪੀਆਈ ਦੇ ਜਨਰਲ ਸਕੱਤਰ ਡੀ.ਰਾਜਾ, ਬਰਿੰਦਾ ਕਰਤ, ਅਮਰਜੀਤ ਕੌਰ ਆਦਿ ਸ਼ਾਮਲ ਸਨ। ਇਸ ਤੋਂ ਪਹਿਲਾਂ ਸਿਖਰਲੀ ਅਦਾਲਤ ਨੇ ਯੋਗੀ ਆਦਿੱਤਿਅਨਾਥ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਆਖਦਿਆਂ ਇਹ ਪਤਾ ਲਾਉਣ ਲਈ ਵੀ ਕਿਹਾ ਹੈ ਕਿ ਪੀੜਤ ਪਰਿਵਾਰ ਨੇ ਹੁਣ ਤਕ ਕਿਸੇ ਵਕੀਲ ਦੀ ਚੋਣ ਕੀਤੀ ਹੈ ਜਾਂ ਨਹੀਂ। ਸੁਪਰੀਮ ਕੋਰਟ ਨੇ ਉਪਰੋਕਤ ਟਿੱਪਣੀਆਂ ਇਕ ਜਨਹਿਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕੀਤੀਆਂ ਹਨ। ਇਸ ਦੌਰਾਨ ਯੋਗੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਇਕ ਹਲਫ਼ਨਾਮਾ ਦਾਖ਼ਲ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਊਣ ਦੀ ਗੁਜ਼ਾਰਿਸ਼ ਕੀਤੀ ਹੈ।

ਸੂਬਾ ਸਰਕਾਰ ਨੇ ਹਲਫਨਾਮੇ ’ਚ ਕਿਹਾ ਕਿ ਸਿਆਸੀ ਮੁਫ਼ਾਦਾਂ ਲਈ ਇਸ ਕੇਸ ਨੂੰ ਲੈ ਕੇ ਝੂਠੀਆਂ ਕਹਾਣੀਆਂ ਘੜੀਆਂ ਜਾ ਰਹੀਆਂ ਹਨ। ਚੀਫ਼ ਜਸਟਿਸ ਐੱਸ. ੲੇ. ਬੋਬੜੇ ਤੇ ਜਸਟਿਸ ਏ. ਐੱਸ. ਬੋਪੰਨਾ ਤੇ ਵੀ.ਰਾਮਾਸੁਬਰਾਮਨੀਅਨ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਏਗੀ ਕਿ ਕੇਸ ਦੀ ਸੁਣਵਾਈ ਸੁਚਾਰੂ ਤਰੀਕੇ ਨਾਲ ਚੱਲੇ। ਸੁਪਰੀਮ ਕੋਰਟ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਕਿਹਾ ਕਿ ਉਹ ਅਲਾਹਾਬਾਦ ਹਾਈ ਕੋਰਟ ਵਿੱਚ ਬਕਾਇਆ ਕਾਰਵਾਈ ਦੇ ਦਾਇਰੇ ਅਤੇ ਸਿਖਰਲੀ ਅਦਾਲਤ ਇਸ ਨੂੰ ਕਿਵੇਂ ਵਧੇਰੇ ਪ੍ਰਸੰਗਿਕ ਬਣਾ ਸਕਦੀ ਹੈ, ਬਾਰੇ ਸੁਝਾਅ ਦੇਵੇ।

ਯੂਪੀ ਸਰਕਾਰ ਵੱਲੋਂ ਪੇਸ਼ ਤੁਸ਼ਾਰ ਮਹਿਤਾ ਨੇ ਕਿਹਾ ਕਿ ਹਾਥਰਸ ਕੇਸ ਨੂੰ ਲੈ ਕੇ ਝੂਠੀਆਂ ਕਹਾਣੀਆਂ ਫੈਲਾਈਆਂ ਜਾ ਰਹੀਆਂ ਹਨ, ਜਿਸ ਨੂੰ ਰੋਕਣ ਦੀ ਲੋੜ ਹੈ। ਮਹਿਤਾ ਨੇ ਕਿਹਾ ਕਿ ਇਸ ਕੇਸ ਦੀ ਸੀਬੀਆਈ ਜਾਂਚ ਹੋਣ ਨਾਲ ਅਜਿਹੇ ਯਤਨਾਂ ਨੂੰ ਠੱਲ ਪਏਗੀ। ਮਹਿਤਾ ਨੇ ਕਿਹਾ ਕਿ ਸੂਬਾ ਸਰਕਾਰ ਸੀਬੀਆਈ ਜਾਂ ਸਿੱਟ ਤੋਂ ਇਸ ਕੇਸ ਦੀ ਨਿਰਪੱਖ ਜਾਂਚ ਕਰਵਾੲੇ ਜਾਣ ਦੀ ਮੰਗ ਦਾ ਵਿਰੋਧ ਨਹੀਂ ਕਰ ਰਹੀ। ਉਨ੍ਹਾਂ ਕਿਹਾ, ‘ਇਕ ਨੌਜਵਾਨ ਲੜਕੀ ਦੀ ਜਾਨ ਗਈ ਹੈ, ਪਰ ਕਿਸੇ ਨੂੰ ਵੀ ਇਸ ਮਾਮਲੇ ਨੂੰ ਸਨਸਨੀਖੇਜ਼ ਨਹੀਂ ਬਣਾਉਣਾ ਚਾਹੀਦਾ। ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਤੇ ਇਹ ਨਜ਼ਰ ਵੀ ਆਏ।’ ਇਸ ਦੌਰਾਨ ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ ਨੇ ਪੀੜਤ ਪਰਿਵਾਰ ਲਈ ਸੁਰੱਖਿਆ ਦੀ ਮੰਗ ਕੀਤੀ। ਜੈਸਿੰਘ ਨੇ ਕਿਹਾ ਕਿ ਪਰਿਵਾਰ ਇਸ ਕੇਸ ਦੀ ਜਾਂਚ ਸੀਬੀਆਈ ਵੱਲੋਂ ਆਪਣੇ ਹੱਥਾਂ ’ਚ ਲਏ ਜਾਣ ਤੋਂ ਸੰਤੁਸ਼ਟ ਨਹੀਂ ਹੈ।

ਇਸ ਦੌਰਾਨ ਬਸਪਾ ਮੁਖੀ ਮਾਇਆਵਤੀ ਨੇ ਯੂਪੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਉਹ ਹਾਥਰਸ ਕੇਸ ਵਿੱਚ ਆਪਣੀ ਗਲਤੀ ਨੂੰ ਦਰੁਸਤ ਕਰਦਿਆਂ ਸਾਰਾ ਧਿਆਨ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਵੱਲ ਲਾਏ। ਉਨ੍ਹਾਂ ਕਿਹਾ ਕਿ ਜੇਕਰ ਇੰਜ ਨਾ ਹੋਇਆ ਤਾਂ ਅਜਿਹੀਆਂ ਘ੍ਰਿਣਤ ਘਟਨਾਵਾਂ ਨੂੰ ਰੋਕਣਾ ਔਖਾ ਹੋ ਜਾਵੇਗਾ। ਉਧਰ ਯੂਪੀ ਪੁਲੀਸ ਨੇ ਕਥਿਤ ਕੱਟੜਵਾਦੀ ਸਮੂਹ ਪੌਪੁਲਰ ਫਰੰਟ ਆਫ਼ ਇੰਡੀਆ(ਪੀਐੱਫਆਈ) ਨਾਲ ਸਬੰਧਾਂ ਦੇ ਸ਼ੱਕ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਹਾਥਰਸ ਜਾਣ ਮੌਕੇ ਰਾਹ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

Previous articleShouldn’t have called Trump a clown, says Biden
Next articleਬਿਹਾਰ ਚੋਣਾਂ: ਐੱਨਡੀਏ ਵਿਚਾਲੇ ਸੀਟਾਂ ਦੀ ਵੰਡ