64ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਇੱਥੋਂ ਦੇ ਰਾਜਿੰਦਰਾ ਕਾਲਜ ਅਤੇ ਸਪੋਰਟਸ ਸਕੂਲ ਘੁੱਦਾ ਵਿੱਚ ਐਸਟ੍ਰੋਟਰਫ ਸਟੇਡੀਅਮ ’ਤੇ ਹੋ ਰਹੇ ਹਾਕੀ ਮੁਕਾਬਲਿਆਂ ਤੀਜੇ ਦਿਨ ਅੱਜ ਸਾਈ ਪਟਿਆਲਾ ਦੀਆਂ ਮੁੰਡੇ ਅਤੇ ਕੁੜੀਆਂ ਦੀਆਂ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ। ਕੁੜੀਆਂ ਦੇ ਹਾਕੀ ਮੁਕਾਬਲਿਆਂ ’ਚ ਪਟਿਆਲਾ ਨੇ ਗੁਰਦਾਸਪੁਰ ਨੂੰ 3-0 ਗੋਲਾਂ ਨਾਲ, ਸ੍ਰੀ ਮੁਕਤਸਰ ਸਾਹਿਬ ਨੇ ਪਟਿਆਲਾ ਨੂੰ 3-1 ਨਾਲ, ਸੰਗਰੂਰ ਨੇ ਕੈਰੋ ਵਿੰਗ ਨੂੰ 11-0 ਨਾਲ, ਫਤਿਹਗੜ੍ਹ ਸਾਹਿਬ ਨੇ ਮੁਹਾਲੀ ਨੂੰ 9-0 ਨਾਲ, ਸਾਈਂ ਪਟਿਆਲਾ ਨੇ ਪਟਿਆਲਾ ਨੂੰ 5-0 ਗੋਲਾਂ ਨਾਲ ਹਰਾਇਆ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੇ ਅੰਮ੍ਰਿਤਸਰ ਦਾ ਮੈਚ ਗੋਲ ਰਹਿਤ ਬਰਾਬਰ ਰਿਹਾ, ਜਦੋਂਕਿ ਬਰਨਾਲਾ, ਫ਼ਿਰੋਜ਼ਪੁਰ ਅਤੇ ਲੁਧਿਆਣਾ ਵਾਕ ਓਵਰ ਮਿਲਣ ਨਾਲ ਜੇਤੂ ਬਣੇ।
ਮੁੰਡਿਆਂ ਦੇ ਹਾਕੀ ਮੈਚ ’ਚ ਛੇਹਰਟਾ ਵਿੰਗ ਨੇ ਜਲੰਧਰ ਨੂੰ 4-0 ਗੋਲਾਂ, ਐਸਜੀਪੀਸੀ ਫਰੀਦਕੋਟ ਨੇ ਬਰਨਾਲਾ ਨੂੰ 8-0 ਗੋਲਾਂ ਨਾਲ, ਪਟਿਆਲਾ ਨੇ ਮੋਗਾ ਨੂੰ 3-2 ਨਾਲ ਹਰਾਇਆ। ਬਰਨਾਲਾ ਅਤੇ ਫਰੀਦਕੋਟ ਵਿਚਾਲੇ ਮੈਚ ਬਿਨਾਂ ਕੀਤਿਆਂ ਬਰਾਬਰ ਰਿਹਾ। ਸਾਈਂ ਪਟਿਆਲਾ ਨੇ ਬਠਿੰਡਾ ਨੂੰ 4-0, ਮਾਲਵਾ ਵਿੰਗ ਲੁਧਿਆਣਾ ਨੇ 2-0, ਸੰਗਰੂਰ ਨੇ ਬਰਨਾਲਾ ਨੂੰ 1-0, ਖਾਲਸਾ ਵਿੰਗ ਅੰਮ੍ਰਿਤਸਰ ਨੇ ਸੰਗਰੂਰ ਨੂੰ 4-0 ਗੋਲਾਂ ਨਾਲ ਮਾਤ ਦਿੱਤੀ। ਮਾਨਸਾ ਅਤੇ ਫ਼ਿਰੋਜ਼ਪੁਰ ਗੋਲ ਰਹਿਤ ਬਰਾਬਰ ਰਹੇ। ਪੀਆਈਐਸ ਮੁਹਾਲੀ ਨੇ ਰੋਪੜ ਨੂੰ 3-0, ਜਰਖੜ ਵਿੰਗ ਨੇ ਹੁਸ਼ਿਆਰਪੁਰ ਨੂੰ 1-0, ਤਰਨਤਾਰਨ ਨੇ ਫ਼ਾਜ਼ਿਲਕਾ ਨੂੰ 3-0 ਨਾਲ ਹਰਾਇਆ। ਕੁੜੀਆਂ ਦੇ ਹੈਂਡਬਾਲ ਮੁਕਾਬਲਿਆਂ ’ਚ ਅੰਮ੍ਰਿਤਸਰ, ਫ਼ਾਜ਼ਿਲਕਾ, ਸੰਗਰੂਰ, ਮਾਨਸਾ, ਫਿਰੋਜ਼ਪੁਰ ਅਤੇ ਫਰੀਦਕੋਟ ਜੇਤੂ ਰਹੇ, ਜਦੋਂਕਿ ਬਠਿੰਡਾ ਤੇ ਸ਼ਹੀਦ ਭਗਤ ਸਿੰਘ ਨਗਰ ਦਾ ਮੈਚ ਬਰਾਬਰ ਰਿਹਾ।
ਹਾਕੀ ਦੇ ਮੈਚਾਂ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਘਾਹ ਦੇ ਮੈਦਾਨ ’ਤੇ ਹਾਕੀ ਖੇਡਣ ਵਾਲਿਆਂ ਨੂੰ ਮਹਿੰਗੇ ਐਸਟ੍ਰੋਟਰਫ ਸਟੇਡੀਅਮ ਰਾਸ ਨਹੀਂ ਆਏ। ਉਪਰੋਕਤ ਮੈਚਾਂ ’ਤੇ ਗੋਲ ਸਿਰਫ਼ ਉਨ੍ਹਾਂ ਅਕੈਡਮੀਆਂ ਨੇ ਹੀ ਕੀਤੇ ਹਨ, ਜੋ ਐਸਟ੍ਰੋਟਰਫ ’ਤੇ ਖੇਡ ਰਹੀਆਂ ਹਨ। ਘਾਹ ਦੇ ਮੈਦਾਨਾਂ ’ਤੇ ਖੇਡਣ ਵਾਲੀਆਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਐਸਟ੍ਰੋਟਰਫ ’ਤੇ ਹਾਕੀ ਖੇਡਣ ਲਈ ਉੱਚ ਤਕਨੀਕ ਦੀ ਲੋੜ ਹੁੰਦੀ ਹੈ, ਜਿਸ ਤੋਂ ਘਾਹ ਦੇ ਮੈਦਾਨਾਂ ’ਤੇ ਖੇਡਣ ਵਾਲੇ ਖਿਡਾਰੀ ਅਣਜਾਣ ਹਨ। ਨਤੀਜੇ ਵਜੋਂ ਵੱਡੀ ਗਿਣਤੀ ਟੀਮਾਂ ਗੋਲ ਕਰਨ ਨੂੰ ਤਰਸਦੀਆਂ ਰਹੀਆਂ। ਅੱਜ ਹੋਏ ਮੈਚਾਂ ’ਚ 19 ਟੀਮਾਂ ਇੱਕ ਵੀ ਗੋਲ ਨਹੀਂ ਕਰ ਸਕੀਆਂ। ਖਿਡਾਰੀਆਂ ਦੀ ਦਲੀਲ ਸੀ ਕਿ ਸਿਰਫ਼ ਐਸਟ੍ਰੋਟਰਫ ਹੀ ਨਹੀਂ ਖ਼ਰਾਬ ਮੌਸਮ ਵੀ ਖੇਡ ’ਚ ਅੜਿੱਕਾ ਬਣ ਰਿਹਾ ਹੈ।
ਇੱਥੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਟੇਟ ਆਰਗੇਨਾਈਜ਼ਰ (ਖੇਡਾਂ) ਰੁਪਿੰਦਰ ਸਿੰਘ ਰਵੀ ਨੂੰ ਜਦੋਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ’ਚ ਬਿਹਤਰ ਪ੍ਰਦਰਸ਼ਨ ਨਾ ਹੋਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੋ ਟੀਮਾਂ ਐਸਟ੍ਰੋਟਰਫ ’ਤੇ ਅਭਿਆਸ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਖੇਡਣ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੇ ਸਾਰੇ ਮੁਕਾਬਲੇ ਐਸਟ੍ਰੋਟਰਫ ’ਤੇ ਹੁੰਦੇ ਹਨ, ਇਸ ਲਈ ਅਤਿ ਉੱਚ ਤਕਨੀਕ ਵਾਲੇ ਗਰਾਉਂਡਾਂ ’ਤੇ ਇਹ ਮੁਕਾਬਲੇ ਕਰਵਾਏ ਗਏ।
Sports ਹਾਕੀ: ਸਾਈ ਪਟਿਆਲਾ ਦੀਆਂ ਟੀਮਾਂ ਵੱਲੋਂ ਜਿੱਤਾਂ ਦਰਜ