ਕੁਸ਼ਤੀ: ਅੰਮ੍ਰਿਤਸਰ ਜ਼ਿਲ੍ਹੇ ਦੇ ਭਲਵਾਨਾਂ ਦੀ ਝੰਡੀ

ਪੰਜਾਬ ਸਕੂਲ ਖੇਡਾਂ ਤਹਿਤ ਕੁਸ਼ਤੀ ਦੇ ਅੱਜ ਦੂਜੇ ਦਿਨ ਦੇ ਦਿਲਚਸਪ ਮੁਕਾਬਲਿਆਂ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਭਲਵਾਨਾਂ ਦੀ ਝੰਡੀ ਰਹੀ। ਅੰਡਰ-17 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੇ ਪਹਿਲਵਾਨਾਂ ਸਾਹਿਲ (60 ਕਿਲੋ), ਹਰਮਨਪ੍ਰੀਤ (65 ਕਿਲੋ) ਅਤੇ ਸ਼ਾਨਵੀਰ (80 ਕਿਲੋ) ਨੇ ਕ੍ਰਮਵਾਰ ਮੁਹਾਲੀ ਦੇ ਨੀਰਜ, ਪਟਿਆਲਾ ਦੇ ਰਿਤਿਕ ਅਤੇ ਅਜੇ ਨੂੰ ਮਾਤ ਦਿੱਤੀ। ਇਸੇ ਤਰ੍ਹਾਂ 110 ਕਿਲੋ ਵਰਗ ਦਾ ਖ਼ਿਤਾਬ ਪ੍ਰਵੀਨ ਅੰਮ੍ਰਿਤਸਰ ਸਿਰ ਸਜਿਆ। ਇਸ ਦੇ ਨਾਲ 71 ਕਿਲੋ ਵਰਗ ਵਿੱਚ ਸ਼ਹੀਦ ਭਗਤ ਸਿੰਘ ਨਗਰ ਦੇ ਸਤਗੁਰਦੀਪ ਨੇ ਮਾਨਸਾ ਦੇ ਅਭਿਜੀਤ ਨੂੰ ਹਰਾਇਆ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਚੋਪੜਾ ਨੇ ਪਹਿਲਵਾਨਾਂ ਨਾਲ ਜਾਣ-ਪਛਾਣ ਕੀਤੀ। ਮੰਗਲਵਾਰ ਨੂੰ ਅੰਡਰ-19 ਦੇ ਕੁਸ਼ਤੀ ਮੁਕਾਬਲੇ ਹੋਣਗੇ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਤਰਨਜੀਤ ਸਿੰਘ, ਪ੍ਰਿੰਸੀਪਲ ਜਤਿੰਦਰ ਮੋਹਨ, ਪ੍ਰਿੰਸੀਪਲ ਅਮਰਜੀਤ ਖਟਕੜ ਅਤੇ ਲੈਕਚਰਾਰ ਬਲਦੀਸ਼ ਲੰਗੇਰੀ, ਆਸ਼ੂ ਵਿਸ਼ਾਲ ਅਤੇ ਮੌਜੂਦ ਸਨ।

ਮਹਿਲਾ ਕੁਸ਼ਤੀ ਵਿੱਚ ਕਪੂਰਥਲਾ ਨੇ ਬਾਜ਼ੀ ਮਾਰੀ
ਫਗਵਾੜਾ: ਕਪੂਰਥਲਾ ਜ਼ਿਲ੍ਹੇ ਦੀਆਂ ਕੁੜੀਆਂ ਨੇ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਹੋਈ 21ਵੀਂ ਪੰਜਾਬ ਸੀਨੀਅਰ ਵਿਮੈਨ ਰੈਸਲਿੰਗ ਚੈਂਪੀਅਨਸ਼ਿਪ ਜਿੱਤ ਲਈ ਹੈ। ਕਪੂਰਥਲਾ 32 ਅੰਕਾਂ ਨਾਲ ਜੇਤੂ ਅਤੇ ਜਲੰਧਰ ਉਪ ਜੇਤੂ ਰਿਹਾ, ਜਦੋਂਕਿ ਮੋਗਾ ਜ਼ਿਲ੍ਹੇ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਇਸ ਤੋਂ ਪਹਿਲਾਂ ਇਸ ਟੂਰਨਾਮੈਂਟ ਦਾ ਉਦਘਾਟਨ ਐੱਸਪੀ ਮਨਦੀਪ ਸਿੰਘ ਨੇ ਕੀਤਾ ਅਤੇ ਜੇਤੂਆਂ ਨੂੰ ਇਨਾਮ ਦੀ ਵੰਡ ਐੱਸ ਡੀ ਐਮ ਡਾ. ਸੁਮਿਤ ਮੁੱਧ ਨੇ ਕੀਤੀ। ਇਸ ਮੌਕੇ ਪੰਜਾਬ ਕੁਸ਼ਤੀ ਸੰਘ ਦੇ ਪ੍ਰਧਾਨ ਪਦਮਸ਼੍ਰੀ ਕਰਤਾਰ ਸਿੰਘ, ਜ਼ਿਲ੍ਹਾ ਕੁਸ਼ਤੀ ਸੰਸਥਾ ਦੇ ਪ੍ਰਧਾਨ ਕੁਲਦੀਪ ਸਰਦਾਨਾ, ਜਨਰਲ ਸਕੱਤਰ ਪੀ ਆਰ ਸੋਂਧੀ, ਰਜਿੰਦਰ ਸਿੰਘ ਰਿਐਤ, ਏਸ਼ੀਆ ਫ਼ਾਇਨਾਂਸ ਦੇ ਐਮ ਡੀ ਗੁਰਮੀਤ ਸਿੰਘ ਬੇਦੀ, ਅਮਰੀਕ ਸਿੰਘ ਪਹਿਲਵਾਨ, ਜਤਿੰਦਰਜੀਤ ਸਿੰਘ ਐੱਸ ਐੱਚ ਓ ਸਿਟੀ, ਬੀ ਐੱਸ ਬਾਂਗਲਾ, ਸੁਸ਼ੀਲ ਮੈਣੀ, ਰਵਿੰਦਰ ਭੱਲਾ ਸਮੇਤ ਕਈ ਸ਼ਖ਼ਸੀਅਤਾਂ ਸ਼ਾਮਲ ਸਨ। ਚੈਂਪੀਅਨਸ਼ਿਪ ’ਚ 16 ਜ਼ਿਲ੍ਹਿਆਂ ਦੀਆਂ ਟੀਮਾਂ ਅਤੇ 100 ਪਹਿਲਵਾਨਾਂ ਨੇ ਹਿੱਸਾ ਲਿਆ।

Previous articleਹਾਕੀ: ਸਾਈ ਪਟਿਆਲਾ ਦੀਆਂ ਟੀਮਾਂ ਵੱਲੋਂ ਜਿੱਤਾਂ ਦਰਜ
Next articleਬੈਡਮਿੰਟਨ: ਪੀਵੀ ਸਿੰਧੂ ਦੀਆਂ ਨਜ਼ਰਾਂ ਹਾਂਗਕਾਂਗ ਓਪਨ ਖ਼ਿਤਾਬ ’ਤੇ