ਹਾਂਗਕਾਂਗ : ਕਾਲੀ ਪੁਸ਼ਾਕ ਪਾਈ ਸੈਂਕੜੇ ਮੁਜ਼ਾਹਰਾਕਾਰੀਆਂ ਨੇ ਬੁੱਧਵਾਰ ਨੂੰ ਹਾਂਗਕਾਂਗ ਹਾਈ ਕੋਰਟ ਦੇ ਸਾਹਮਣੇ ਮੁਜ਼ਾਹਰਾ ਕਰਕੇ ਆਜ਼ਾਦੀ ਲਈ ਨਾਅਰੇ ਲਗਾਏ। ਇਹ ਮੁਜ਼ਾਹਰਾਕਾਰੀ 2016 ਦੇ ਅੰਦੋਲਨ ‘ਚ ਸ਼ਾਮਲ ਇਕ ਅੰਦੋਲਨਕਾਰੀ ਨੂੰ ਦੰਗਾ ਕਰਨ ਲਈ ਛੇ ਸਾਲ ਦੀ ਕੈਦ ਦੀ ਸਜ਼ਾ ਮਿਲਣ ਦੇ ਵਿਰੋਧ ‘ਚ ਇਕੱਠੇ ਹੋਏ ਸਨ।
ਹੇਠਲੀ ਅਦਾਲਤ ਤੋਂ ਮਿਲੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਸਜ਼ਾਯਾਫਤਾ ਅੰਦੋਲਨਕਾਰੀ ਹਾਈ ਕੋਰਟ ‘ਚ ਆਇਆ ਸੀ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਆਪਣੇ ਨਾਅਰਿਆਂ ਨਾਲ ਹਾਈ ਦੀਆਂ ਕੰਧਾਂ ਵੀ ਰੰਗ ਦਿੱਤੀਆਂ।
ਲੋਕਤੰਤਰ ਦੀ ਮੰਗ ਲਈ ਹਾਂਗਕਾਂਗ ‘ਚ ਮਹੀਨਿਆਂ ਤੋਂ ਛਿੜੇ ਅੰਦੋਲਨ ਨਾਲ ਉੱਥੋਂ ਦੀ ਅਰਥਵਿਵਸਥਾ ਨੂੰ ਵੱਡੀ ਸੱਟ ਵੱਜੀ ਹੈ। ਆਏ ਦਿਨ ਸੜਕ ਜਾਮ ਤੇ ਪਥਰਾਅ ਕਾਰਨ ਵਿਦੇਸ਼ੀ ਲੋਕਾਂ ਦਾ ਉੱਥੇ ਆਉਣਾ ਘਟ ਗਿਆ ਹੈ, ਬਾਜ਼ਾਰ ਵੀ ਬੰਦ ਰਹਿਣ ਲੱਗੇ ਹਨ। ਭੰਨਤੋੜ ‘ਚ ਸੈਂਕੜੇ ਦੁਕਾਨਾਂ ਤੇ ਕਾਰੋਬਾਰੀ ਅਦਾਰਿਆਂ ਦਾ ਨੁਕਸਾਨ ਹੋ ਚੁੱਕਿਆ ਹੈ।
ਕਈ ਮੈਟਰੋ ਸਟੇਸ਼ਨ ਸਾੜ ਦਿੱਤੇ ਗਏ ਹਨ ਜਾਂ ਫਿਰ ਉਨ੍ਹਾਂ ‘ਚ ਬਹੁਤ ਵੱਡੀ ਪੱਧਰ ‘ਤੇ ਭੰਨ-ਤੋੜ ਕੀਤੀ ਗਈ ਹੈ। ਸੜਕ ਕਿਨਾਰੇ ਦੀਆਂ ਜਨਤਕ ਜਾਇਦਾਦਾਂ, ਸਿਗਨਲ ਤੇ ਸੰਕੇਤਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਇਸ ਕਾਰਨ ਆਰਥਿਕ ਨੁਕਸਾਨ ਦੇ ਨਾਲ ਹੀ ਰੁਜ਼ਗਾਰ ਦਾ ਵੀ ਨੁਕਸਾਨ ਹੋਇਆ ਹੈ। ਦੁਕਾਨਾਂ ਦੀ ਬੰਦੀ ਦਾ ਅਸਰ ਉਸ ਦੀ ਆਰਥਿਕ ਸਥਿਤੀ ‘ਤੇ ਪਿਆ ਹੈ ਤੇ ਸਾਰੇ ਆਰਜ਼ੀ ਮੁਲਾਜ਼ਮ ਹਟਾ ਦਿੱਤੇ ਗਏ ਹਨ।
1997 ‘ਚ ਅਧਿਕਾਰ ‘ਚ ਆਏ ਹਾਂਗਕਾਂਗ ‘ਚ ਚੀਨ ਨੂੰ ਇਸ ਸਮੇਂ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਹਾਲਾਤ ਵਿਗੜਨ ਲਈ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਪੈਦਾ ਹਾਲਾਤ ਨਾਲ ਚੀਨ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਤੇ ਉਸ ਦਾ ਅਕਸ ਵਿਗੜ ਰਿਹਾ ਹੈ। ਮਹਾਸ਼ਕਤੀ ਬਣਨ ਵੱਲ ਵਧ ਰਹੇ ਚੀਨ ਨੂੰ ਸੁੱਝ ਨਹੀਂ ਰਿਹਾ ਕਿ ਉਹ ਹਾਲਾਤ ਕਾਬੂ ਕਰਨ ਲਈ ਕੀ ਕਰੇ।