ਹਵਾਲਾ ਰਾਸ਼ੀ ਮਾਮਲੇ ਵਿਚ ਘਿਰੇ ਪਾਦਰੀ ਐਂਥਨੀ ਮੈਡਾਸਰੀ ਨੇ ਖੰਨਾ ਪੁਲੀਸ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਪੁਲੀਸ ਉਨ੍ਹਾਂ ਦੇ ਫਾਰਮ ਹਾਊਸ ’ਚੋਂ 16 ਕਰੋੜ 55 ਲੱਖ ਦੀ ਰਕਮ ਆਪਣੇ ਨਾਲ ਲੈ ਕੇ ਗਈ ਸੀ ਪਰ ਸਿਰਫ਼ 9 ਕਰੋੜ 66 ਲੱਖ 61 ਹਾਜ਼ਾਰ 700 ਰੁਪਏ ਦੀ ਰਕਮ ਹੀ ਦਿਖਾਈ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ 6 ਕਰੋੜ 65 ਲੱਖ ਦੀ ਰਕਮ ਕਿੱਥੇ ਗਈ? ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਰਕਮ ਹਵਾਲਾ ਰਾਸ਼ੀ ਨਹੀਂ ਸੀ। ਇਹ ਪੈਸੇ ਸਕੂਲਾਂ ਨੂੰ ਵੇਚੀਆਂ ਕਿਤਾਬਾਂ ਅਤੇ ਸਟੇਸ਼ਨਰੀ ਦੇ ਸਨ। ਪਾਦਰੀ ਐਂਥਨੀ ਨੇ ਕਿਹਾ ਕਿ ਪੰਜਾਬ ’ਚ ਕਰੀਬ 45 ਕਾਨਵੈਂਟ ਸਕੂਲ ਹਨ, ਜਿਨ੍ਹਾਂ ਨੂੰ ਇਹ ਕਿਤਾਬਾਂ ਸਪਲਾਈ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਲ ਦੇ 40 ਕਰੋੜ ਰੁਪਏ ਕਿਤਾਬਾਂ ਤੋਂ ਹੀ ਇਕੱਠੇ ਹੁੰਦੇ ਹਨ। ਐਂਥਨੀ ਨੇ ਦਾਅਵਾ ਕੀਤਾ ਕਿ ਕਿਤਾਬਾਂ ਸਹੋਦਿਆ ਨਾਂ ਦੀ ਫਰਮ ਵੱਲੋਂ ਛਾਪੀਆਂ ਜਾਂਦੀਆਂ ਹਨ ਤੇ ਇਸ ’ਚ ਉਨ੍ਹਾਂ ਸਮੇਤ ਚਾਰ ਹੋਰ ਭਾਈਵਾਲ ਹਨ। ਉਨ੍ਹਾਂ ਕਿਹਾ ਕਿ 29 ਮਾਰਚ ਨੂੰ 14 ਕਰੋੜ ਰੁਪਏ ਦੀ ਰਕਮ ਸਾਊਥ ਇੰਡੀਅਨ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਸੀ ਤੇ ਬਾਕੀ ਦੀ ਰਕਮ ਗਿਣੀ ਜਾ ਰਹੀ ਸੀ। ਪਾਦਰੀ ਐਂਥਨੀ ਨੇ ਕਿਹਾ ਕਿ ਪੁਲੀਸ ਨੇ ਉਨ੍ਹਾਂ ਕੋਲੋ ਜਿਹੜੀ ਪੁੱਛਗਿੱਛ ਕੀਤੀ ਹੈ ਉਨ੍ਹਾਂ ਸਾਰੀਆਂ ਗੱਲਾਂ ਦੇ ਜਵਾਬ ਦੇ ਦਿੱਤੇ ਹਨ ਤੇ ਫੜੀ ਗਈ ਸਾਰੀ ਰਕਮ ਦਾ ਹਿਸਾਬ ਉਨ੍ਹਾਂ ਕੋਲ ਹੈ। ਉਨ੍ਹਾਂ ਦਾਅਵਾ ਕੀਤਾ ਕਿ 29 ਮਾਰਚ ਸ਼ਾਮ ਨੂੰ ਹਥਿਆਰਾਂ ਨਾਲ ਲੈਸ 40-50 ਵਿਅਕਤੀ ਆਏ। ਉਨ੍ਹਾਂ ਕੋਲ ਏਕੇ 47 ਰਾਈਫਲਾਂ ਤੇ ਪਿਸਤੌਲ ਸਨ। ਉਨ੍ਹਾਂ ਦੋਸ਼ ਲਾਇਆ ਕਿ ਬਿਨਾਂ ਵਾਰੰਟ ਤੋਂ ਤਲਾਸ਼ੀ ਲਈ ਗਈ ਤੇ 16 ਕਰੋੜ 65 ਲੱਖ ਦੇ ਕਰੀਬ ਰਕਮ ਅਤੇ ਉਨ੍ਹਾਂ ਦਾ ਮੋਬਾਈਲ ਉਹ ਨਾਲ ਲੈ ਗਏ। ਹਾਲਾਂਕਿ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਈ ਗੱਲਾਂ ਸਪੱਸ਼ਟ ਨਹੀਂ ਕੀਤੀਆਂ, ਪਰ ਜਾਰੀ ਕੀਤੇ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੁਲੀਸ ਨੇ ਜਿਹੜੀ ਰਕਮ ਕਥਿਤ ਤੌਰ ’ਤੇ ਖ਼ੁਰਦ-ਬੁਰਦ ਕੀਤੀ ਹੈ, ਉਸ ਦੀ ਸ਼ਿਕਾਇਤ ਪੁਲੀਸ ਕਮਿਸ਼ਨਰ ਜਲੰਧਰ ਨੂੰ ਕਰ ਦਿੱਤੀ ਗਈ ਹੈ ਤੇ ਖੰਨਾ ਪੁਲੀਸ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਸ਼ਿਕਾਇਤ ਦਾ ਉਤਾਰਾ ਹਾਈ ਕੋਰਟ ਦੇ ਚੀਫ਼ ਜਸਟਿਸ, ਮੁੱਖ ਮੰਤਰੀ ਪੰਜਾਬ, ਡੀਜੀਪੀ ਅਤੇ ਡੀਆਈਜੀ ਲੁਧਿਆਣਾ ਨੂੰ ਵੀ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਹਾਈ ਕੋਰਟ ਪਹੁੰਚ ਕਰਨਗੇ ਤੇ ਸੀਬੀਆਈ ਜਾਂਚ ਦੀ ਵੀ ਮੰਗ ਕਰਨਗੇ।
HOME ਹਵਾਲਾ ਰਾਸ਼ੀ ਮਾਮਲਾ: ਪਾਦਰੀ ਵੱਲੋਂ ਖੰਨਾ ਪੁਲੀਸ ’ਤੇ ਗੰਭੀਰ ਦੋਸ਼