ਹਲਫ਼ਨਾਮਾ ਮਾਮਲਾ: ਫੜਨਵੀਸ ਨੂੰ ਸੁਣਵਾਈ ’ਚ ਪੇਸ਼ ਹੋਣ ਤੋਂ ਛੋਟ ਮਿਲੀ

ਚੋਣ ਹਲਫ਼ਨਾਮੇ ’ਚ ਅਪਰਾਧਕ ਮਾਮਲਿਆਂ ਬਾਰੇ ਜਾਣਕਾਰੀ ਗੁਪਤ ਰੱਖਣ ਦੇ ਕੇਸ ’ਚ ਨਾਗਪੁਰ ਦੀ ਅਦਾਲਤ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਅੱਜ ਦੇ ਦਿਨ ਲਈ ਸੁਣਵਾਈ ’ਚ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਦੇ ਦਿੱਤੀ। ਸੁਣਵਾਈ ਹੁਣ ਚਾਰ ਜਨਵਰੀ ਨੂੰ ਹੋਵੇਗੀ। ਫੜਨਵੀਸ ਦੇ ਵਕੀਲ ਨੇ ਅਦਾਲਤ ਤੋਂ ਇਸ ਛੋਟ ਦੀ ਮੰਗ ਕੀਤੀ ਸੀ।
ਸ਼ਹਿਰ ਦੇ ਹੀ ਇਕ ਵਕੀਲ ਸਤੀਸ਼ ਉਕੇ, ਜਿਨ੍ਹਾਂ ਮੈਜਿਸਟਰੇਟ ਅਦਾਲਤ ਵਿਚ ਇਸ ਤੋਂ ਪਹਿਲਾਂ ਅਰਜ਼ੀ ਦਾਇਰ ਕਰ ਕੇ ਫੜਨਵੀਸ ਵਿਰੁੱਧ ਅਪਰਾਧਕ ਕਾਰਵਾਈ ਆਰੰਭਣ ਦੀ ਮੰਗ ਕੀਤੀ ਸੀ, ਨੇ ਮਾਮਲੇ ਦੀ ਜਲਦੀ ਸੁਣਵਾਈ ਦੀ ਅਪੀਲ ਕੀਤੀ। ਸਾਬਕਾ ਮੁੱਖ ਮੰਤਰੀ ਦੇ ਵਕੀਲ ਨੇ ਕਿਹਾ ਕਿ ਫੜਨਵੀਸ, ਜੋ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਨ, 16 ਦਸੰਬਰ ਤੋਂ ਅਸੈਂਬਲੀ ਸੈਸ਼ਨ ਵਿਚ ਰੁੱਝ ਜਾਣਗੇ। ਇਸ ਲਈ ਵਕੀਲ ਨੇ ਮੰਗ ਕੀਤੀ ਕਿ ਸੁਣਵਾਈ ਦੀ ਤਰੀਕ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਦੀ ਰੱਖੀ ਜਾਵੇ। ਸੂਬਾਈ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਨਾਗਪੁਰ ਵਿਚ 16 ਤੋਂ 21 ਦਸੰਬਰ ਤੱਕ ਹੋਵੇਗਾ।
ਇਸ ਤੋਂ ਪਹਿਲਾਂ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਫੜਨਵੀਸ ਕਿਸੇ ‘ਬੇਹੱਦ ਜ਼ਰੂਰੀ ਕੰਮ’ ਕਾਰਨ ਖ਼ੁਦ ਹਾਜ਼ਰ ਨਹੀਂ ਹੋ ਸਕਣਗੇ। ਵਕੀਲ ਸਤੀਸ਼ ਉਕੇ ਨੇ ਫੜਨਵੀਸ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕੀ ਫੜਨਵੀਸ ਨਾਗਪੁਰ ਤੋਂ ਹੀ ਵਿਧਾਇਕ ਹਨ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਮੈਜਿਸਟਰੇਟ ਅਦਾਲਤ ਨੂੰ ਅਕਤੂਬਰ ਵਿਚ ਕਾਰਵਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਸਨ।

Previous articleਮੈਰਿਜ ਪੈਲੇਸ ’ਚ ਗੋਲੀ ਚੱਲੀ, ਚਾਚਾ-ਭਤੀਜਾ ਹਲਾਕ
Next articleਸ਼ਿਫਟ ਕਰਨ ਦੇ ਮਾਮਲੇ ’ਚ ਵੈਂਡਰ ਤੇ ਨਗਰ ਨਿਗਮ ਆਹਮੋ-ਸਾਹਮਣੇ