ਧਰਮਸ਼ਾਲਾ: ਸੀਨੀਅਰ ਬੱਲੇਬਾਜ਼ ਡੇਵਿਡ ਮਿੱਲਰ ਨੂੰ ਲਗਦਾ ਹੈ ਕਿ ਕਵਿੰਟਨ ਡੀ ਕਾਕ ਨੂੰ ਕ੍ਰਿਕਟ ਬਾਰੇ ‘ਕਮਾਲ ਦੀ ਸਮਝ’ ਹੈ ਅਤੇ ਉਹ ਦੱਖਣੀ ਅਫਰੀਕਾ ਦੇ ਨਵੇਂ ਕਪਤਾਨ ਅਨੁਸਾਰ ਕੋਈ ਵੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹੈ। ਖੱਬੂ ਕ੍ਰਿਕਟਰ ਮਿੱਲਰ ਨਾਲ ਡੀਕਾਕ ਅਤੇ ਕੈਗਿਸੋ ਰਬਾਡਾ ਦੱਖਣੀ ਅਫਰੀਕਾ ਦੀ ਸੀਮਤ ਓਵਰ ਦੀ ਕ੍ਰਿਕਟ ਟੀਮ ਦੇ ਅਹਿਮ ਖਿਡਾਰੀ ਹਨ, ਜਦਕਿ ਟੀਮ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ ਅਤੇ ਇਸ ਦੌਰਾਨ ਉਸ ਦਾ ਪਹਿਲਾ ਦੌਰਾ ਭਾਰਤ ਦਾ ਹੀ ਹੈ। 30 ਸਾਲਾ ਮਿੱਲਰ ਨੇ ਆਪਣੇ ਦੇਸ਼ ਲਈ 126 ਇੱਕ ਰੋਜ਼ਾ ਅਤੇ 70 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਉਸ ਨੇ ਕਿਹਾ, ‘‘ਕਵਿੰਟਨ ਕਈ ਸਾਲਾਂ ਤੋਂ ਟੀਮ ਨਾਲ ਹੈ ਅਤੇ ਉਸ ਦਾ ਕ੍ਰਿਕਟ ਗਿਆਨ ਕਮਾਲ ਦਾ ਹੈ। ਜਿਵੇਂ ਕਿ ਮੈਂ ਕਿਹਾ ਕਿ ਇਹ ਦਿਲਚਸਪ ਦੌਰ ਹੈ, ਜਿਸ ਵਿੱਚ ਨਵਾਂ ਕਪਤਾਨ ਹੈ, ਨਵੇਂ ਖਿਡਾਰੀ ਹਨ ਅਤੇ ਕਾਫ਼ੀ ਸਾਰੇ ਨੌਜਵਾਨ ਤੇ ਨਵੇਂ ਚਿਹਰੇ ਹਨ।’’ ਮਿੱਲਰ ਬਤੌਰ ਕਪਤਾਨ ਅੱਗੇ ਵਧ ਰਹੇ ਡੀਕਾਕ ਦੇ ਪ੍ਰਦਰਸ਼ਨ ਤੋਂ ਕਾਫ਼ੀ ਖ਼ੁਸ਼ ਹੈ ਅਤੇ ਉਹ ਇਸ ਨਵੀਂ ਯਾਤਰਾ ਦੌਰਾਨ ਉਸ ਦੀ ਪੂਰੀ ਮਦਦ ਲਈ ਤਿਆਰ ਹੈ।