ਟੀ-20 ਵਿਸ਼ਵ ਕੱਪ ਲਈ ਭਾਰਤ ਨੇ ਆਰੰਭੀ ਤਿਆਰੀ

ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਦੁਵੱਲੀ ਲੜੀ ਨਾਲ ਹੀ ਵਿਸ਼ਵ ਟੀ-20 ਖ਼ਿਤਾਬ ਨੂੰ ਹਾਸਲ ਕਰਨ ਦੀਆਂ ਤਿਆਰੀਆਂ ਵਿੱਚ ਜੁਟ ਜਾਵੇਗੀ। ਵੈਸਟ ਇੰਡੀਜ਼ ਖ਼ਿਲਾਫ਼ ਲੜੀ ਵਿੱਚ 3-0 ਦੀ ਜਿੱਤ ਇਨ੍ਹਾਂ ਤਿਆਰੀਆਂ ਦੀ ਸ਼ੁਰੂਆਤ ਸੀ, ਜਿਸ ਨੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਨਮੋਸ਼ੀ ਨੂੰ ਕੁੱਝ ਹੱਦ ਤੱਕ ਦੂਰ ਕੀਤਾ ਹੈ।
ਟੀਮ ਦੀ ਅਸਲ ਪ੍ਰੀਖਿਆ ਹੁਣ ਕੁਇੰਟਨ ਡੀਕਾਕ ਅਤੇ ਕੈਗਿਸੋ ਰਬਾਡਾ ਖ਼ਿਲਾਫ਼ ਇਸ ਲੜੀ ਨਾਲ ਸ਼ੁਰੂ ਹੋਵੇਗੀ। ਰਬਾਡਾ ਦਾ ਚੰਗਾ ਸਪੈਲ ਅਤੇ ਡੇਵਿਡ ਮਿੱਲਰ ਦਾ ਪ੍ਰਦਰਸ਼ਨ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀ ਬਣ ਸਕਦਾ ਹੈ, ਜਦਕਿ ਫਾਫ ਡੂ ਪਲੇਸਿਸ ਅਤੇ ਹਾਸ਼ਿਮ ਅਮਲਾ ਦੀ ਗ਼ੈਰ-ਮੌਜੂਦਗੀ ਵਿੱਚ ਕੁੱਝ ਹੋਰ ਟੈਸਟ ਮਾਹਿਰ ਜਿਵੇਂ ਟੈਂਬਾ ਬਾਵੁਮਾ ਜਾਂ ਐਨਰਿਚ ਨੌਰਜੇ ਆਪਣੀ ਅਹਿਮੀਅਤ ਸਾਬਤ ਕਰਨਾ ਚਾਹੁਣਗੇ। ਕਪਤਾਨ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਕੋਲ ਅਗਲੇ ਸਾਲ ਅਕਤੂਬਰ ਵਿੱਚ ਆਸਟਰੇਲੀਆ ਵਿੱਚ ਹੋਣ ਵਾਲੇ ਵਿਸ਼ਵ ਟੀ-20 ਕੱਪ ਲਈ ਮਜ਼ਬੂਤ ਟੀਮ ਤਿਆਰ ਕਰਨ ਸਬੰਧੀ ਲਗਪਗ 20 ਮੈਚ ਬਚੇ ਹਨ। ਹੁਣ ਵੀ ਕਈ ਸਵਾਲ ਅਜਿਹੇ ਹਨ, ਜਿਨ੍ਹਾਂ ਦਾ ਜਵਾਬ ਟੀਮ ਪ੍ਰਬੰਧਕਾਂ ਨੂੰ ਅਗਲੇ 13 ਮਹੀਨਿਆਂ ਵਿੱਚ ਦੇਣਾ ਪਵੇਗਾ ਅਤੇ ਇਸ ਦੌਰਾਨ ਆਈਪੀਐੱਲ ਵੀ ਹੋਣਾ ਹੈ। ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ, ਹਰਫ਼ਨਮੌਲਾ ਹਾਰਦਿਕ ਪਾਂਡਿਆ ਅਤੇ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (ਇਸ ਲੜੀ ਵਿੱਚ ਆਰਾਮ ਦਿੱਤਾ ਗਿਆ) ਨੂੰ ਛੱਡ ਕੇ ਟੀਮ ਦੇ ਘੱਟ ਤੋਂ ਘੱਟ ਸੱਤ ਸਥਾਨਾਂ ਲਈ ਖਿਡਾਰੀਆਂ ਦੀ ਚੋਣ ਕਰਨਾ ਵੀ ਮਸਲਾ ਹੋ ਸਕਦਾ ਹੈ। ਮਹਿੰਦਰ ਸਿੰਘ ਧੋਨੀ ਦਾ ਸੰਨਿਆਸ ਲੈਣਾ ਨਿੱਜੀ ਫ਼ੈਸਲਾ ਹੋਵੇਗਾ, ਪਰ ਕੀ ਟੀਮ ਪ੍ਰਬੰਧਕਾਂ ਦਾ ਇਰਾਦਾ ਚੋਣ ਕਮੇਟੀ ਵਾਂਗ ਅੱਗੇ ਵਧਣ ਦਾ ਹੈ? ਇਸ ਬਾਰੇ ਅਜੇ ਤੱਕ ਕੁੱਝ ਪਤਾ ਨਹੀਂ ਅਤੇ ਰਿਸ਼ਭ ਪੰਤ ਦਾ ਪ੍ਰਦਰਸ਼ਨ ਵੀ ਕੋਹਲੀ ਅਤੇ ਸ਼ਾਸਤਰੀ ਲਈ ਚੀਜ਼ਾਂ ਸੌਖੀਆਂ ਨਹੀਂ ਕਰ ਸਕਦਾ।
ਮਨੀਸ਼ ਪਾਂਡੇ ਪਿਛਲੇ ਕੁੱਝ ਸਾਲਾਂ ਤੋਂ ਟੀਮ ਨਾਲ ਹੈ ਅਤੇ ਕਰਨਾਟਕ ਦੇ ਇਸ ਬੱਲੇਬਾਜ਼ ਦੀ ਕਾਬਲੀਅਤ ਨੂੰ ਵੇਖਦਿਆਂ ਉਸ ਨੂੰ ਜਿੰਨੇ ਮੌਕੇ ਮਿਲੇ, ਉਹ ਸਵੈ-ਭਰੋਸਾ ਪੈਦਾ ਨਹੀਂ ਕਰ ਸਕਿਆ। ਇੱਕ ਹੋਰ ਪਹਿਲੂ ਸਪਿੰਨਰ ਯੁਜ਼ਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਦੇ ਟੀ-20 ਭਵਿੱਖ ਦਾ ਵੀ ਹੋਵੇਗਾ। ਰਾਜਸਥਾਨ ਦਾ ਲੈੱਗ ਸਪਿੰਨਰ ਰਾਹੁਲ ਚਾਹਰ ਹੁਨਰਮੰਦ ਗੇਂਦਬਾਜ਼ ਹੈ ਅਤੇ ਉਸ ਨੂੰ ਭਵਿੱਖ ਦੇ ਗੇਂਦਬਾਜ਼ ਵਜੋਂ ਵੇਖਿਆ ਜਾ ਰਿਹਾ ਹੈ। ਹਰਫ਼ਨਮੌਲਾ ਕੁਰਣਾਲ ਪਾਂਡਿਆ ਵੀ ਚੰਗੀ ਤਰ੍ਹਾਂ ਢਲ ਰਿਹਾ ਹੈ ਅਤੇ ਰਵਿੰਦਰ ਜਡੇਜਾ ਦਾ ਤਜਰਬਾ ਵੀ ਕੰਮ ਆਵੇਗਾ। ਹਾਲਾਂਕਿ ਭਾਰਤ ਕੋਲ ਨੌਜਵਾਨ ਵਾਸ਼ਿੰਗਟਨ ਸੁੰਦਰ ਬੈਕਅੱਪ ਵਜੋਂ ਮੌਜੂਦ ਹੈ ਤਾਂ ਸਵਾਲ ਹੈ ਕਿ ਕੁਲਦੀਪ ਅਤੇ ਚਾਹਲ ਦਾ ਸਥਾਨ ਟੀ-20 ਟੀਮ ਵਿੱਚ ਕਿੱਥੇ ਹੈ। ਅਖ਼ੀਰ ਵਿੱਚ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਬੁਮਰਾਹ ਦੀ ਮੌਜੂਦਗੀ ਤੈਅ ਹੈ। ਨਵਦੀਪ ਸੈਣੀ ਅਤੇ ਖਲੀਲ ਅਹਿਮਦ ਵਜੋਂ ਵੀ ਬਦਲ ਮੌਜੂਦ ਹਨ, ਪਰ ਦੋਵੇਂ ਕਾਫ਼ੀ ਮਹਿੰਗੇ ਸਾਬਤ ਹੋਏ ਹਨ। ਕੋਹਲੀ ਅਗਲੇ 13 ਮਹੀਨਿਆਂ ਵਿੱਚ ਸ਼ਾਇਦ ਇਹ ਸਾਰੇ ਜਵਾਬ ਲੱਭਣ ਦੀ ਕੋਸ਼ਿਸ਼ ਕਰੇਗਾ।

Previous articleਭਾਰਤੀ ਕ੍ਰਿਕਟ ਟੀਮ ਨੇ ਅੰਡਰ-19 ਏਸ਼ੀਆ ਖ਼ਿਤਾਬ ਜਿੱਤਿਆ
Next articleਹਰੇਕ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ: ਮਿੱਲਰ