ਲੀਡਸ਼ੈਂਡਮ(ਨੈਦਰਲੈਂਡਜ਼) (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਦੀ ਹਮਾਇਤ ਵਾਲੇ ਜੱਜਾਂ ਦੇ ਇਕ ਟ੍ਰਿਬਿਊਨਲ ਨੇ ਲਿਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਦੇ ਕਤਲ ਮਾਮਲੇ ਵਿੱਚ ਦਹਿਸ਼ਤੀ ਜਥੇਬੰਦੀ ਹਿਜ਼ਬੁੱਲ੍ਹਾ ਦੇ ਤਿੰਨ ਆਗੂਆਂ ਨੂੰ ਕੋਈ ਸਬੂਤ ਨਾ ਹੋਣ ਦੇ ਹਵਾਲੇ ਨਾਲ ਕਲੀਨ ਚਿੱਟ ਦੇ ਦਿੱਤੀ ਜਦੋਂਕਿ ਇਕ ਮੈਂਬਰ ਸਲੀਮ ਅੱਯਾਸ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਟ੍ਰਿਬਿਊਨਲ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਇਹ ਸਾਬਤ ਹੋਵੇ ਕਿ ਹਿਜ਼ਬੁੱਲ੍ਹਾ ਦਹਿਸ਼ਤੀ ਸਮੂਹ ਦੇ ਤਿੰਨ ਆਗੂਆਂ ਜਾਂ ਸੀਰੀਆ ਦੀ ਸਾਲ 2005 ਵਿੱਚ ਫਿਦਾਈਨ ਟਰੱਕ ਬੰਬ ਹਮਲੇ ਵਿੱਚ ਕੋਈ ਸ਼ਮੂਲੀਅਤ ਸੀ।
ਇਸ ਹਮਲੇ ਵਿੱਚ ਲਿਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਰਫ਼ੀਕ ਹਰੀਰੀ ਤੇ 21 ਹੋਰਨਾਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ 226 ਵਿਅਕਤੀ ਜ਼ਖ਼ਮੀ ਹੋਏ ਸਨ। ਲਿਬਨਾਨ ਲਈ ਬਣੀ ਵਿਸ਼ੇਸ਼ ਟ੍ਰਿਬਿਊਨਲ ਦੀ ਅਗਵਾਈ ਕਰਨ ਵਾਲੇ ਜੱਜ ਡੇਵਿਡ ਰੇਅ ਨੇ ਕਿਹਾ ਕਿ ਹਰੀਰੀ ਆਪਣੀ ਮੌਤ ਤੋਂ ਕਈ ਮਹੀਨੇ ਪਹਿਲਾਂ ਲਿਬਨਾਨ ਵਿੱਚ ਸੀਰੀਆ ਤੇ ਸੀਰੀਆ ਵਿੱਚ ਹਿਜ਼ਬੁੱਲ੍ਹਾ ਦੇ ਪ੍ਰਭਾਵ ਨੂੰ ਘਟਾਉਣ ਦਾ ਹਮਾਇਤੀ ਸੀ। ਰੇਅ ਨੇ ਕਿਹਾ ਕਿ ਫ਼ਿਦਾਈਨ ਹਮਲੇ ਦੇ ਮੁਲਜ਼ਮਾਂ ਚਾਰ ਹਿਜ਼ਬੁਲ੍ਹਾ ਮੈਂਬਰਾਂ ਖ਼ਿਲਾਫ਼ ਚੱਲ ਰਹੇ ਕੇਸ ਦੌਰਾਨ ਸਬੂਤਾਂ ਦਾ ਅਧਿਐਨ ਕਰਨ ਵਾਲੇ ਜੱਜਾਂ ਦਾ ਇਹ ਮੰਨਣਾ ਸੀ ਕਿ ਸੀਰੀਆ ਤੇ ਹਿਜ਼ਬੁੱਲ੍ਹਾ ਅਤੇ ਉਨ੍ਹਾਂ ਦੇ ਕੁਝ ਸਿਆਸੀ ਭਾਈਵਾਲਾਂ ਦਾ ਸ੍ਰੀ ਹਰੀਰੀ ਨੂੰ ਕਤਲ ਕਰਨ ਦਾ ਇਰਾਦਾ ਹੋ ਸਕਦਾ ਹੈ।’
ਪਰ ਉਸ ਨੇ ਇਹ ਵੀ ਕਿਹਾ ਕਿ ਸ੍ਰੀ ਹਰੀਰੀ ਦੇ ਕਤਲ ਵਿੱਚ ਹਿਜ਼ਬੁੱਲ੍ਹਾ ਆਗੂਆਂ ਦੀ ਸ਼ਮੂਲੀਅਤ ਸਬੰਧੀ ਕੋਈ ਸਬੂਤ ਨਹੀਂ ਹਨ। ਤੇ ਨਾ ਹੀ ਸੀਰੀਆ ਦੇ ਦਖ਼ਲ ਸਬੰਧੀ ਕੋਈ ਸਪੱਸ਼ਟ ਸਬੂਤ ਹਨ। ਕਾਬਿਲੇਗੌਰ ਹੈ ਕਿ ਲਿਬਨਾਨ ਦੀ ਰਾਜਧਾਨੀ ਬੈਰੂਤ ਦੀ ਬੰਦਰਗਾਹ ’ਤੇ ਇਕ ਗੋਦਾਮ ਵਿੱਚ ਭੰਡਾਰ ਕੀਤੇ ਲਗਪਗ 3000 ਟਨ ਐਮੋਨੀਅਮ ਨਾਈਟਰੇਟ ਨੂੰ ਅੱਗ ਲੱਗਣ ਕਰਕੇ ਹੋਏ ਧਮਾਕੇ ਵਿੱਚ ਗਈਆਂ ਜਾਨਾਂ ਕਰਕੇ ਟ੍ਰਿਬਿਊਨਲ ਦਾ ਇਹ ਫੈਸਲਾ ਲਗਪਗ ਦੋ ਹਫਤੇ ਪੱਛੜ ਗਿਆ ਸੀ।