ਹਰਿਮੰਦਰ ਸਾਹਿਬ ਨਤਮਸਤਕ ਹੋਏ ਜਪਾਨ ਦੇ ਸਫ਼ੀਰ

ਜਪਾਨ ਦੇ ਭਾਰਤ ਵਿਚ ਸਫ਼ੀਰ ਕੇਨਜੀ ਹੀਰਾਮਤਜ਼ੂ ਨੇ ਆਸ ਪ੍ਰਗਟਾਈ ਹੈ ਕਿ ਭਾਰਤ ਵਿਚ ਨਰਿੰਦਰ ਮੋਦੀ ਦੀ ਸਰਕਾਰ ਦੀ ਮੁੜ ਸਥਾਪਤੀ ਨਾਲ ਜਪਾਨ ਅਤੇ ਭਾਰਤ ਦੇ ਆਪਸੀ ਸਬੰਧ ਹੋਰ ਮਜ਼ਬੂਤ ਹੋਣਗੇ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਏ ਸਨ। ਇਸ ਮੌਕੇ ਉਨ੍ਹਾਂ ਦੀ ਪਤਨੀ ਪੈਟਰਿਕਾ ਹੀਰਾਮਤਜ਼ੂ, ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਅਤੇ ਪੰਜਾਬ ਨਿਵੇਸ਼ ਪ੍ਰਮੋਸ਼ਨ ਬਿਊਰੋ ਦੇ ਸੀਈਓ ਰਜਤ ਅਗਰਵਾਲ ਮੌਜੂਦ ਸਨ। ਦੱਸਣਯੋਗ ਹੈ ਕਿ ਜਪਾਨੀ ਸਫੀਰ ਪਹਿਲੀ ਵਾਰ ਹਰਿਮੰਦਰ ਸਾਹਿਬ ਆਏ ਹਨ। ਉਨ੍ਹਾਂ ਜੱਲ੍ਹਿਆਂਵਾਲਾ ਬਾਗ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਦੇਸ਼ ਵੰਡ ਸਬੰਧੀ ਪਾਰਟੀਸ਼ਨ ਮਿਊਜ਼ੀਅਮ ਦਾ ਵੀ ਦੌਰਾ ਕੀਤਾ। ਉਹ ਦੁਰਗਿਆਣਾ ਮੰਦਰ ਵੀ ਮੱਥਾ ਟੇਕਣ ਗਏ। ਮੀਡੀਆ ਨਾਲ ਗੱਲਬਾਤ ਦੌਰਾਨ ਜਪਾਨੀ ਸਫੀਰ ਨੇ ਆਖਿਆ ਕਿ ਸ੍ਰੀ ਮੋਦੀ ਦੀ ਮੁਹਿੰਮ ‘ਮੇਕ ਇਨ ਇੰਡੀਆ’ ਵਿਚ ਜਪਾਨ ਵਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਜਪਾਨ ਇਥੇ ਖੋਜ ਅਤੇ ਨਿਪੁੰਨਤਾ ਵਿਕਾਸ ਖੇਤਰ ਵਿਚ ਰੁਚੀ ਲੈ ਰਿਹਾ ਹੈ ਤੇ ਕਈ ਯੋਜਨਾਵਾਂ ਵਿਚਾਰ ਅਧੀਨ ਵੀ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਜਪਾਨ ਵਲੋਂ ਉਤਰ ਪੂਰਬੀ ਰਾਜਾਂ ਵਿਚ 13 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਵੱਖ ਵੱਖ ਯੋਜਨਾਵਾਂ ਵਿਚ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਉਤਰ ਪੂਰਬੀ ਰਾਜਾਂ ਵਿਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ, ਸੜਕਾਂ ਦਾ ਜਾਲ ਵਿਛਾਉਣਾ ਅਤੇ ਸੁਧਾਰ ਕਰਨਾ, ਖੇਤੀਬਾੜੀ ਅਤੇ ਸਿੰਚਾਈ ਮਾਮਲੇ ਵਿਚ ਤਕਨੀਕੀ ਸਹਿਯੋਗ, ਖੇਤੀ ਵਿਭਿੰਨਤਾ ਅਤੇ ਜੰਗਲਾਤ ਪ੍ਰਬੰਧ ਸਬੰਧੀ ਕਈ ਯੋਜਨਾਵਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਕਈ ਯੋਜਨਾਵਾਂ ਵਿਚ ਭਾਈਵਾਲੀ ਕੀਤੀ ਗਈ ਹੈ। ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਦੋ ਵਾਰ ਮੀਟਿੰਗ ਵੀ ਹੋ ਚੁੱਕੀਆਂ ਹਨ। ਉਹ ਇਹ ਵੀ ਪਤਾ ਲਗਾ ਰਹੇ ਹਨ ਕਿ ਪੰਜਾਬ ਵਿਚ ਕਿਨ੍ਹਾਂ ਹੋਰ ਖੇਤਰਾਂ ਵਿਚ ਭਾਈਵਾਲੀ ਦੀਆ ਸੰਭਾਵਨਾਵਾਂ ਹਨ। ਰਜਤ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਜਪਾਨ ਤੋਂ ਸਹਿਯੋਗ ਲੈਣ ਲਈ ਇਛੁੱਕ ਹੈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਨੇ ਆਸ ਪ੍ਰਗਟਾਈ ਹੈ ਕਿ ਜਪਾਨ ਅਤੇ ਭਾਰਤ ਦੇ ਆਪਸੀ ਸਬੰਧਾਂ ਵਿਚ ਮਜ਼ਬੂਤੀ ਆਉਣ ਨਾਲ ਪੰਜਾਬ ਵਿਚ ਵੀ ਨਿਵੇਸ਼ ਦੀਆਂ ਵਧੇਰੇ ਸੰਭਾਵਨਾਵਾਂ ਪੈਦਾ ਹੋਣਗੀਆਂ।

Previous articleਫ਼ਰੀਦਕੋਟ ਵਿਚ 600 ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ ਬੇਹਾਲ
Next article‘ਫਾਦਰਜ਼ ਡੇਅ’ ਮੌਕੇ ਦਾਮਿਨ ਤੇ ਉਬ੍ਹਾਨ ਨੇ ਪਿਤਾ ਨੂੰ ਗੁਆਇਆ