ਹਰਿਆਣਾ ਲਾਇਨਜ਼ ਨੇ ਗਲੋਬਲ ਕਬੱਡੀ ਲੀਗ ਵਿੱਚ ਅੱਜ ਮੈਪਲ ਲੀਫ ਕੈਨੇਡਾ ਨੂੰ 60-43 ਅੰਕਾਂ ਨਾਲ ਹਰਾ ਕੇ ਤੀਜੀ ਜਿੱਤ ਦਰਜ ਕੀਤੀ। ਲਾਇਨਜ਼ ਨੇ ਪੰਜ ਮੈਚਾਂ ਨਾਲ ਆਪਣੇ ਖਾਤੇ ਵਿੱਚ ਕੁੱਲ 9 ਅੰਕ ਜੋੜ ਲਏ ਹਨ। ਮੈਪਲ ਲੀਫ ਦੀ ਇਹ ਦੂਜੀ ਹਾਰ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੀਗ ਦੇ ਅੱਠਵੇਂ ਦਿਨ ਕੁੱਲ ਤਿੰਨ ਮੈਚ ਖੇਡੇ ਗਏ। ਲਾਇਨਜ਼ ਤੋਂ ਇਲਾਵਾ ਅਗਲੇ ਮੈਚਾਂ ਵਿੱਚ ਸਿੰਘ ਵਾਰੀਅਰਜ਼ ਪੰਜਾਬ ਅਤੇ ਕੈਲੀਫੋਰਨੀਆ ਈਗਲਜ਼ ਨੇ ਜਿੱਤਾਂ ਦਰਜ ਕੀਤੀਆਂ। ਪਹਿਲੇ ਮੈਚ ਵਿੱਚ ਹਰਿਆਣਾ ਲਾਇਨਜ਼ ਅਤੇ ਮੈਪਲ ਲੀਫ ਕੈਨੇਡਾ ਦਰਮਿਆਨ ਕਾਫੀ ਸੰਘਰਸ਼ਪੂਰਨ ਰਿਹਾ। ਮੈਚ ਦੇ ਪਹਿਲੇ ਅੱਧ ਵਿੱਚ ਹਰਿਆਣਾ ਲਾਇਨਜ਼ ਅਤੇ ਮੈਪਲ ਲੀਫ ਕੈਨੇਡਾ ਦੀਆਂ ਟੀਮਾਂ 13-13 ਦੇ ਅੰਕ ਨਾਲ ਬਰਾਬਰ ਰਹੀਆਂ। ਇਸ ਤੋਂ ਬਾਅਦ ਹਰਿਆਣਾ ਲਾਇਨਜ਼ 26-25 ਨਾਲ ਅੱਗੇ ਸੀ। ਅੱਧੇ ਸਮੇਂ ਬਾਅਦ ਤਾਜ਼ਾ ਦਮ ਹੋ ਕੇ ਲਾਇਨਜ਼ ਨੇ ਆਪਣੀ ਰਣਨੀਤੀ ਬਦਲੀ ਅਤੇ ਮੈਪਲ ਲੀਫ ਕੈਨੇਡਾ ਦੇ ਰੇਡਰਾਂ ਨੂੰ ਲਗਾਤਾਰ ਰੋਕੀ ਰੱਖਿਆ। ਤੀਜੇ ਕੁਆਰਟਰ ਦੇ ਅੰਤ ਤੱਕ ਸਕੋਰ ਹਰਿਆਣਾ ਦੇ ਹੱਕ ਵਿੱਚ 41-36 ਅੰਕ ਹੋ ਗਿਆ। ਚੌਥੇ ਕੁਆਰਟਰ ਲਾਇਨਜ਼ ਦੇ ਜਾਫੀਆਂ ਬਿੱਲਾ ਅਤੇ ਰਿੰਕੂ ਨੇ ਜ਼ਬਰਦਸਤ ਜੱਫੇ ਮਾਰ ਕੇ ਆਪਣੀ ਟੀਮ ਨੂੰ 60-43 ਅੰਕਾਂ ਨਾਲ ਤੀਜੀ ਜਿੱਤ ਦਿਵਾਈ। ਹਰਿਆਣਾ ਵੱਲੋਂ ਰੇਡਰ ਕਪਤਾਨ ਵਿਨੈ ਖੱਤਰੀ ਨੇ 17 ਅਤੇ ਰਵੀ ਨੇ 15 ਅੰਕ ਹਾਸਲ ਕੀਤੇ। ਦੂਜੇ ਮੈਚ ਵਿੱਚ ਦਿੱਲੀ ਟਾਈਗਰਜ਼ ਦੀ ਟੀਮ ਇੱਕ ਵਾਰ ਫਿਰ ਆਪਣੀ ਖੇਡ ਨਾਲ ਪ੍ਰਭਾਵਿਤ ਕਰਨ ਵਿੱਚ ਨਾਕਾਮ ਰਹੀ ਅਤੇ ਸਿੰਘ ਵਾਰੀਅਰਜ਼ ਪੰਜਾਬ ਹੱਥੋਂ 65-37 ਅੰਕਾਂ ਨਾਲ ਹਾਰ ਗਈ। ਦਿੱਲੀ ਦੀ ਟੀਮ ਅਜੇ ਤੱਕ ਲੀਗ ਵਿੱਚ ਚਾਰ ਮੈਚਾਂ ਤੋਂ ਬਾਅਦ ਵੀ ਖਾਤਾ ਨਹੀਂ ਖੋਲ੍ਹ ਸਕੀ। ਖੇਡ ਦੇ ਪਹਿਲੇ ਕੁਆਰਟਰ ਵਿੱਚ ਹੀ ਸਿੰਘ ਵਾਰੀਅਰਜ਼ ਦੀ ਟੀਮ 15-9 ਨਾਲ ਅੱਗੇ ਸੀ। ਅੱਧੇ ਸਮੇਂ ਤੱਕ ਸਕੋਰ 30-19 ਸਿੰਘ ਵਾਰੀਅਰਜ਼ ਦੇ ਹੱਕ ਵਿੱਚ ਸੀ। ਖੇਡ ਦੇ ਤੀਜੇ ਗੁਆਰਟਰ ਦੇ ਖ਼ਤਮ ਹੋਣ ਤੱਕ ਸਕੋਰ 46-30 ਸਿੰਘ ਵਾਰੀਅਰਜ਼ ਦੇ ਹੱਕ ਵਿੱਚ ਸੀ। ਤੈਅ ਸਮੇਂ ਦੀ ਸਮਾਪਤੀ ਤੱਕ ਸਕੋਰ 65-37 ਸਿੰਘ ਵਾਰੀਅਰਜ਼ ਪੰਜਾਬ ਦੇ ਹੱਕ ਵਿੱਚ ਰਿਹਾ। ਆਖਰੀ ਲੀਗ ਮੈਚ ਵਿੱਚ ਕੈਲੀਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ 59-40 ਨਾਲ ਹਰਾ ਕੇ ਲੀਗ ਦੌਰ ਵਿੱਚ ਚੌਥੀ ਜਿੱਤ ਦਰਜ ਕਰਕੇ ਆਪਣੇ ਖਾਤੇ ਵਿੱਚ 12 ਅੰਕ ਜੋੜ ਲਏ। ਉਹ ਲੀਗ ਸੂਚੀ ਵਿੱਚ ਪਹਿਲੀ ਸਥਾਨ ’ਤੇ ਹੈ। ਲੀਗ ਦੌਰ ਦਾ ਦੂਜਾ ਗੇੜ 24 ਅਕਤੂਬਰ ਤੋਂ ਲੁਧਿਆਣਾ ਵਿੱਚ ਸ਼ੁਰੂ ਹੋਵੇਗਾ।
Sports ਹਰਿਆਣਾ ਲਾਇਨਜ਼ ਦੀ ਮੈਪਲ ਲੀਫ ਕੈਨੇਡਾ ’ਤੇ ਵੱਡੀ ਜਿੱਤ