ਹਰਿਆਣਾ: ਭਾਜਪਾ ਤੇ ਜਜਪਾ ਮਿਲ ਕੇ ਬਣਾਉਣਗੇ ਸਰਕਾਰ

ਖੱਟਰ ਮੁੱਖ ਮੰਤਰੀ ਤੇ ਦੁਸ਼ਯੰਤ ਹੋਣਗੇ ਉਪ ਮੁੱਖ ਮੰਤਰੀ; ਸਥਿਰ ਸਰਕਾਰ ਲਈ ਗੱਠਜੋੜ ਜ਼ਰੂਰੀ: ਦੁਸ਼ਯੰਤ

ਹਰਿਆਣਾ ਅਸੈਂਬਲੀ ਚੋਣਾਂ ਵਿੱਚ ਸਪੱਸ਼ਟ ਬਹੁਮੱਤ ਹਾਸਲ ਕਰਨ ਵਿੱਚ ਨਾਕਾਮ ਰਹੀ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਸਿਆਸੀ ਜੋੜ-ਤੋੜ ਮਗਰੋਂ ਦੇਰ ਰਾਤ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ (ਜਜਪਾ) ਨੂੰ ਨਾਲ ਤੋਰਨ ਵਿੱਚ ਸਫ਼ਲ ਹੋ ਗਈ। ਦੋਵਾਂ ਪਾਰਟੀਆਂ ਵਿੱਚ ਬਣੀ ਸਹਿਮਤੀ ਤਹਿਤ ਮਨੋਹਰ ਲਾਲ ਖੱਟਰ ਨਵੀਂ ਸਰਕਾਰ ਵਿੱਚ ਮੁੱਖ ਮੰਤਰੀ ਤੇ ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੋਣਗੇ। ਸੂਤਰਾਂ ਮੁਤਾਬਕ ਭਾਜਪਾ ਤੇ ਜਜਪਾ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਸਰਕਾਰ ਚਲਾਉਣਗੇ। ਭਾਜਪਾ ਪ੍ਰਧਾਨ ਨਾਲ ਮੁਲਾਕਾਤ ਮਗਰੋਂ ਦੁਸ਼ਯੰਤ ਨੇ ਸਾਫ਼ ਕਰ ਦਿੱਤਾ ਕਿ ਹਰਿਆਣਾ ਵਿੱਚ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਗੱਠਜੋੜ ਜ਼ਰੂਰੀ ਸੀ। ਉਂਜ ਭਾਜਪਾ ਵੱਲੋਂ ਜਜਪਾ ਨਾਲ ਗੱਠਜੋੜ ਦੀ ਇਸ ਪੇਸ਼ਕਦਮੀ ਨੂੰ ਸੂਬੇ ਦੇ ਬਹੁਗਿਣਤੀ ਜਾਟ ਭਾਈਚਾਰੇ ਨੂੰ ਰਿਝਾਉਣ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਭਾਜਪਾ ਮੰਨਦੀ ਹੈ ਕਿ ਚੋਣਾਂ ਦੌਰਾਨ ਜਾਟ ਭਾਈਚਾਰਾ ਉਨ੍ਹਾਂ ਦੇ ਖ਼ਿਲਾਫ਼ ਭੁਗਤਿਆ ਹੈ। ਉਧਰ ਆਜ਼ਾਦ ਵਿਧਾਇਕਾਂ ਨੇ ਕਿਹਾ ਕਿ ਉਹ ਭਾਜਪਾ ਨੂੰ ‘ਬਿਨਾਂ ਸ਼ਰਤ’ ਹਮਾਇਤ ਜਾਰੀ ਰੱਖਣਗੇ।
ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਵਿਚ ਪੂਰਾ ਦਿਨ ਚੱਲੀਆਂ ਸਿਆਸੀ ਸਰਗਰਮੀਆਂ ਮਗਰੋਂ ਭਾਜਪਾ ਨੇ 7 ਆਜ਼ਾਦ ਵਿਧਾਇਕਾਂ ਦੇ ਸਿਰ ’ਤੇ ਸੂਬੇ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਲਗਪਗ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਭਾਜਪਾ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ ਭਲਕੇ 26 ਅਕਤੂਬਰ ਨੂੰ ਯੂਟੀ ਗੈਸਟ ਹਾਊਸ ਵਿੱਚ ਨਵੇਂ ਚੁਣੇ ਵਿਧਾਇਕਾਂ ਦੀ ਮੀਟਿੰਗ ਹੋਵੇਗੀ। ਮੀਟਿੰਗ ਹਾਲਾਂਕਿ ਰਸਮੀ ਹੈ, ਕਿਉਂਕਿ ਭਾਜਪਾ ਹਾਈ ਕਮਾਨ ਅਗਲੇ ਮੁੱਖ ਮੰਤਰੀ ਵਜੋਂ ਮਨੋਹਰ ਲਾਲ ਖੱਟਰ ਦੇ ਨਾਂ ’ਤੇ ਪਹਿਲਾਂ ਹੀ ਮੋਹਰ ਲਾ ਚੁੱਕੀ ਹੈ। ਮੀਟਿੰਗ ਤੋਂ ਪਹਿਲਾਂ ਸ੍ਰੀ ਖੱਟਰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪਣਗੇ। ਸੂਤਰਾਂ ਮੁਤਾਬਕ ਖੱਟਰ ਤੇ ਚੌਟਾਲਾ ਸ਼ਨਿੱਚਰਵਾਰ ਨੂੰ ਕ੍ਰਮਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਵਜੋਂ ਹਲਫ਼ ਲੈ ਸਕਦੇ ਹਨ, ਜਦੋਂਕਿ ਬਾਕੀ ਦੀ ਕੈਬਨਿਟ ‘ਦੀਵਾਲੀ’ ਮਗਰੋਂ ਸਹੁੰ ਚੁੱਕੇਗੀ।
ਪਾਰਟੀ ਦੇ ਜਨਰਲ ਸਕੱਤਰ ਅਨਿਲ ਜੈਨ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਹੋ ਰਹੀ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਾਮਨ ਤੇ ਭਾਜਪਾ ਦੇ ਜਨਰਲ ਸਕੱਤਰ ਅਰੁਣ ਸਿੰਘ ਕੇਂਦਰੀ ਨਿਗਰਾਨ ਵਜੋਂ ਸ਼ਾਮਲ ਹੋਣਗੇ। ਜੈਨ ਨੇ ਕਿਹਾ ਕਿ ਇਨੈਲੋ ਦਾ ਇਕੋ ਇਕ ਵਿਧਾਇਕ ਭਾਜਪਾ ਸਰਕਾਰ ਦੀ ਹਮਾਇਤ ਕਰ ਸਕਦਾ ਹੈ। ਸ੍ਰੀ ਖੱਟਰ ਸਰਕਾਰ ਬਣਾਉਣ ਸਬੰਧੀ ਦਾਅਵੇ ਲਈ ਭਲਕੇ ਰਾਜਪਾਲ ਨਾਲ ਮੁਲਾਕਾਤ ਕਰਨਗੇ, ਪਰ ਸੂਤਰਾਂ ਮੁਤਾਬਕ ਨਵੀਂ ਸਰਕਾਰ ਦਾ ਹਲਫ਼ਦਾਰੀ ਸਮਾਗਮ ਦੀਵਾਲੀ ਮਗਰੋਂ ਹੋਵੇਗਾ। ਸਰਕਾਰ ਬਣਾਉਣ ਲਈ ਭਾਜਪਾ ਨੂੰ ਹਮਾਇਤ ਦੇਣ ਵਾਲੇ ਆਜ਼ਾਦ ਵਿਧਾਇਕਾਂ ਵਿੱਚ ਰਣਜੀਤ ਚੌਟਾਲਾ, ਧਰਮਪਾਲ ਗੋਂਦਨ, ਨਯਨਪਾਲ ਰਾਵਤ, ਸੋਮਬੀਰ ਸਾਂਗਵਾਨ, ਰਾਕੇਸ਼ ਦੌਲਤਾਬਾਦ ਤੇ ਰਣਧੀਰ ਗੋਲਨ ਸ਼ਾਮਲ ਹਨ। ਰਣਜੀਤ ਚੌਟਾਲਾ ਨੇ ਹਾਲਾਂਕਿ ਖੱਟਰ ਤੇ ਨੱਢਾ ਨਾਲ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ।
ਹਰਿਆਣਾ ਦੀ 90 ਮੈਂਬਰੀ ਅਸੈਂਬਲੀ ਦੇ ਲੰਘੇ ਦਿਨ ਐਲਾਨੇ ਚੋਣ ਨਤੀਜਿਆਂ ਵਿੱਚ ਕੋਈ ਵੀ ਪਾਰਟੀ ਸਪਸ਼ਟ ਬਹੁਮੱਤ ਹਾਸਲ ਕਰਨ ਵਿੱਚ ਨਾਕਾਮ ਰਹੀ ਸੀ। ਭਾਜਪਾ 40 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਜਦੋਂਕਿ ਕਾਂਗਰਸ ਤੇ ਜੇਜੇਪੀ ਨੇ ਕ੍ਰਮਵਾਰ 31 ਤੇ 10 ਸੀਟਾਂ ’ਤੇ ਜਿੱਤ ਦਰਜ ਕੀਤੀ। ਆਜ਼ਾਦ ਵਿਧਾਇਕਾਂ ਦੇ ਹਿੱਸੇ 10 ਸੀਟਾਂ ਆਈਆਂ।

Previous articleWhat green crackers, ask Sivasaki’s firecracker industry employees
Next articleਮਸਜਿਦਾਂ ’ਚ ਮਹਿਲਾਵਾਂ ਦੇ ਨਮਾਜ਼ ਪੜ੍ਹਨ ’ਤੇ ਪਾਬੰਦੀ ਖ਼ਿਲਾਫ਼ ਅਰਜ਼ੀ ’ਤੇ ਕੇਂਦਰ ਨੂੰ ਨੋਟਿਸ