ਜਲੰਧਰ (ਸਮਾਜਵੀਕਲੀ): ਇਲਾਕੇ ਵਿੱਚ ਹਰਿਆਣਾ ਪੁਲੀਸ ਨੇ ਗੋਲੀ ਚਲਾ ਕੇ ਇੱਕ ਕਾਰ ਦਾ ਟਾਇਰ ਪੰਕਚਰ ਕਰਨ ਮਗਰੋਂ ਦੋ ਗੈਂਗਸਟਰ ਕਾਬੂ ਕਰ ਲਏ। ਜਾਣਕਾਰੀ ਅਨੁਸਾਰ ਸਿਵਲ ਵਰਦੀ ਵਿੱਚ ਇਨੋਵਾ ’ਤੇ ਆਏ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਨੇ ਚੱਢਾ ਮੋਬਾਈਲ ਹਾਊਸ ਦੇ ਬਾਹਰ ਇਕ ਕਾਰ ਦੇ ਟਾਇਰ ’ਤੇ ਗੋਲੀ ਮਾਰ ਕੇ ਪੰਕਚਰ ਕਰ ਦਿੱਤਾ। ਇਸ ਮਗਰੋਂ ਇਸ ਵਿੱਚ ਸਵਾਰ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਦੂਜਾ ਮੋਬਾਈਲ ਹਾਊਸ ’ਚ ਜਾ ਵੜਿਆ।
ਬਾਅਦ ਵਿੱਚ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਗੋਲੀ ਚੱਲਣ ਦੀ ਸੂਚਨਾ ਮਿਲਦਿਆਂ ਹੀ ਕਮਿਸ਼ਨਰੇਟ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ।
ਇਸੇ ਦੌਰਾਨ ਹਰਿਆਣਾ ਪੁਲੀਸ ਦੇ ਇਕ ਏਐੱਸਆਈ ਨੇ ਪੁਲੀਸ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਦੋਵੇਂ ਹਰਿਆਣਾ ਦੇ ਅਤਿ ਲੋੜੀਂਦੇ ਗੈੈਂਗਸਟਰ ਸਨ ਅਤੇ ਹਰਿਆਣਾ ਪੁਲੀਸ ਇਨ੍ਹਾਂ ਦੀ ਪਿਛਲੇ ਇੱਕ ਸਾਲ ਤੋਂ ਭਾਲ ਕਰ ਰਹੀ ਸੀ।
ਇਸ ਘਟਨਾ ਨਾਲ ਇਹ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੀ ਹਰਿਆਣਾ ਪੁਲੀਸ ਨੇ ਇੰਨੀ ਵੱਡੀ ਕਾਰਵਾਈ ਕਰਨ ਤੋਂ ਪਹਿਲਾਂ ਕਮਿਸ਼ਨਰੇਟ ਪੁਲੀਸ ਨੂੰ ਭਰੋਸੇ ਵਿੱਚ ਲਿਆ ਸੀ ਜਾਂ ਨਹੀਂ। ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਫ਼ੜੇ ਗਏ ਵਿਅਕਤੀ ਕਿਹੜੇ ਗੈਂਗਸਟਰ ਸਨ ਅਤੇ ਕਿਹੜੇ ਮਾਮਲਿਆਂ ਵਿਚ ਲੋੜੀਂਦੇ ਸਨ।