ਹੋਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਰਟੀਆਈ ਦੀਆਂ ਦੋ ਲਿਸਟਾਂ ਦਿਖਾਉਂਦਿਆਂ ਖ਼ੁਲਾਸਾ ਕੀਤਾ ਹੈ ਕਿ ਨਵੰਬਰ 1984 ਵਿਚ ਹਰਿਆਣਾ ’ਚ ਉਨ੍ਹਾਂ ਥਾਵਾਂ ’ਤੇ ਹੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਜਿਥੇ ਪੁਲੀਸ ਤਾਇਨਾਤ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਟੌਦੀ, ਹੋਦ ਚਿੱਲੜ ਅਤੇ ਗੁੜਗਾਉਂ ’ਚ ਮਾਰੇ ਗਏ ਸਿੱਖਾਂ ਦੇ ਮਾਮਲੇ ਵਿਚ ਇਨਸਾਫ਼ ਦਿਵਾਉਣ ਲਈ ਕਮੇਟੀ 2011 ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਆਰਟੀਆਈ ਰਾਹੀਂ ਇਹ ਜਾਣਕਾਰੀ ਮਿਲੀ ਕਿ ਹਰਿਆਣਾ ’ਚ ਜਿਹੜੀਆਂ ਥਾਵਾਂ ’ਤੇ ਸਿੱਖ ਕਤਲੇਆਮ ਹੋਇਆ, ਉਥੇ ਕਿੰਨੇ-ਕਿੰਨੇ ਪੁਲੀਸ ਮੁਲਾਜ਼ਮ ਤਾਇਨਾਤ ਸਨ।
ਸਰਕਾਰੀ ਰਿਕਾਰਡ ਅਨੁਸਾਰ 1 ਅਤੇ 2 ਨਵੰਬਰ 1984 ਨੂੰ ਪੁਲੀਸ ਮੁਲਾਜ਼ਮਾਂ ਦੀਆਂ ਲੱਗੀਆਂ ਡਿਊਟੀਆਂ ਦੀ ਲਿਸਟ ਦਿਖਾਉਂਦਿਆਂ ਖੁਲਾਸਾ ਕੀਤਾ ਗਿਆ ਕਿ 79 ਸਿੱਖਾਂ ਨੂੰ ਪੁਲੀਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਜਿਊਂਦੇ ਸਾੜ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਗੁੜਗਾਉਂ ਵਿਚ 297 ਘਰਾਂ ਅਤੇ ਪਟੌਦੀ ਵਿਚ 47 ਘਰਾਂ ਤੇ ਫੈਕਟਰੀਆਂ ਅਤੇ ਹੋਦ ਚਿੱਲੜ ਦੇ ਪੂਰੇ ਪਿੰਡ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ ਸੀ। ਆਰਟੀਆਈ ਰਾਹੀਂ ਮਿਲੀ ਸੂਚਨਾ ਅਨੁਸਾਰ ਗੁੜਗਾਉਂ ਵਿਚ 121 ਹੈੱਡ ਕਾਂਸਟੇਬਲ ਅਤੇ 697 ਸਿਪਾਹੀ ਤਾਇਨਾਤ ਸਨ। ਇਨ੍ਹਾਂ ਸਾਰਿਆਂ ਦੀ ਡਿਊਟੀ ਸਿੱਖਾਂ ਨੂੰ ਬਚਾਉਣ ’ਤੇ ਸੀ ਪਰ ਅਸਲ ਵਿਚ ਪੁਲੀਸ ਨੇ ਹੀ ਸਿੱਖਾਂ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ। ਸੋਹਾਨਾ ਚੌਕ ਵਿਚ ਇਕ ਪੁਲੀਸ ਅਫ਼ਸਰ, ਦੋ ਹੈੱਡ ਕਾਂਸਟੇਬਲ ਅਤੇ 18 ਕਾਂਸਟੇਬਲ ਮੌਜੂਦ ਸਨ ਅਤੇ ਇਥੇ ਹੀ ਛੇ ਜਣਿਆਂ ਨੂੰ ਜਿਊਂਦੇ ਸਾੜ ਦਿੱਤਾ ਗਿਆ ਸੀ ਤੇ ਸਿੱਖਾਂ ਦੀਆਂ ਦੁਕਾਨਾਂ ਨੂੰ ਅੱਗ ਲਾ ਦਿੱਤੀ ਸੀ।
ਸ੍ਰੀ ਗਿਆਸਪੁਰਾ ਨੇ ਦੱਸਿਆ ਕਿ 1984 ਵਿਚ ਹਰਿਆਣਾ ’ਚ ਭਜਨ ਲਾਲ ਦੀ ਕਾਂਗਰਸ ਸਰਕਾਰ ਸੀ ਅਤੇ ਉਸ ਨੇ 1982 ਦੀਆਂ ਏਸ਼ਿਆਈ ਖੇਡਾਂ ਦੌਰਾਨ ਸਿੱਖਾਂ ਨੂੰ ਜ਼ਲੀਲ ਕਰਕੇ ਇੰਦਰਾ ਗਾਂਧੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਅੱਜ ਵੀ ਪੁਲੀਸ ਮੁਲਾਜ਼ਮਾਂ ਨੂੰ ਬਚਾਉਣ ਵਿਚ ਲੱਗੀ ਹੋਈ ਹੈ। ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੱਲ ਰਿਹਾ ਹੈ ਜਿਸ ਦੀ ਅਗਲੀ ਪੇਸ਼ੀ 15 ਫਰਵਰੀ ਨੂੰ ਹੈ। ਉਨ੍ਹਾਂ ਦੋਸ਼ ਲਾਇਆ ਕਿ ਖੱਟਰ ਸਰਕਾਰ ਇਸ ਮਾਮਲੇ ਨੂੰ ਲਟਕਾਉਂਦੀ ਆ ਰਹੀ ਹੈ ਅਤੇ ਹਰ ਵਾਰ ਤਰੀਕਾਂ ਅੱਗੇ ਪੁਆ ਲੈਂਦੀ ਹੈ। ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਇਕ ਪਾਸੇ ਤਾਂ ਭਾਜਪਾ ਸਿੱਖਾਂ ਦੀ ਹਮਦਰਦ ਹੋਣ ਦਾ ਢਿੰਡੋਰਾ ਪਿੱਟਦੀ ਹੈ ਅਤੇ ਦੂਜੇ ਪਾਸੇ ਸਿੱਖਾਂ ਦੇ ਕਤਲ ਵਿਚ ਭੂਮਿਕਾ ਨਿਭਾਉਣ ਵਾਲੀ ਪੁਲੀਸ ਨੂੰ ਬਚਾਉਣ ਵਿਚ ਉਹ ਲੱਗੀ ਹੋਈ ਹੈ।
ਉਨ੍ਹਾਂ ਪਟੌਦੀ ਵਿਚ ਕਤਲ ਕੀਤੇ ਗਏ 47 ਸਿੱਖਾਂ, ਹੋਦ ਚਿੱਲੜ ਵਿਚ ਸੁਰਜੀਤ ਕੌਰ ਦੇ 12 ਜੀਆਂ ਅਤੇ ਬਲਵੰਤ ਸਿੰਘ ਦੇ ਕਤਲ ਕੀਤੇ ਗਏ 11 ਜੀਆਂ ਦੀ ਸੂਚੀ ਵੀ ਜਾਰੀ ਕੀਤੀ। ਉਨ੍ਹਾਂ ਕਿਹਾ ਕਿ ਹੋਦ ਚਿੱਲੜ ਵਾਂਗ ਗੁੜਗਾਉਂ, ਪਟੌਦੀ ਦੇ ਮਾਮਲਿਆਂ ਵਿਚ ਵੀ ਪੁਲੀਸ ਵਿਰੁੱਧ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਜਾਵੇਗੀ। ਇਸ ਮੌਕੇ ਗਿਆਨ ਸਿੰਘ, ਮਨਜੀਤ ਸਿੰਘ ਅਤੇ ਜਗਜੀਤ ਸਿੰਘ ਵੀ ਹਾਜ਼ਰ ਸਨ।
HOME ਹਰਿਆਣਾ ’ਚ ਪੁਲੀਸ ਤਾਇਨਾਤੀ ਵਾਲੀ ਥਾਂ ’ਤੇ ਹੋਈ ਸੀ ਕਤਲੋਗਾਰਤ