ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਬਖ਼ਸ਼ੇ ਨਹੀਂ ਜਾਣਗੇ: ਅਮਰਿੰਦਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਪਣੇ ਪੁਰਖਿਆਂ ਦੀ ਧਰਤੀ ਮਹਿਰਾਜ ਤੋਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਬਹਿਬਲ ਕਾਂਡ ਵਿਚ ਨਿਹੱਥੇ ਲੋਕਾਂ ’ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਬਖ਼ਸ਼ੇ ਨਹੀਂ ਜਾਣਗੇ, ਚਾਹੇ ਉਹ ਕੋਈ ਵੱਡਾ ਅਫ਼ਸਰ ਹੋਵੇ ਤੇ ਚਾਹੇ ਕੋਈ ਸਿਆਸਤਦਾਨ।
ਮੁੱਖ ਮੰਤਰੀ ਨੇ ਅੱਜ ਬਿਨਾਂ ਨਾਮ ਲਏ ਬਾਦਲਾਂ ਦੇ ਘਰ ਵੱਲ ਉਂਗਲ ਕੀਤੀ ਅਤੇ ਆਖਿਆ ਕਿ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤਾਂ ਇੱਕ ਸ਼ੁਰੂਆਤ ਹੈ। ਜਿਉਂ ਜਿਉਂ ਫੜੇ ਅਫ਼ਸਰ ਖ਼ੁਲਾਸੇ ਕਰਨਗੇ, ਉਸੇ ਤਰ੍ਹਾਂ ਸਿਲਸਿਲਾ ਅੱਗੇ ਵਧਦਾ ਜਾਵੇਗਾ। ਸਿੱਟ ਗੋਲੀ ਦਾ ਹੁਕਮ ਦੇਣ ਵਾਲਿਆਂ ਦੀ ਸ਼ਨਾਖ਼ਤ ਕਰੇਗੀ। ਦੱਸਣਯੋਗ ਹੈ ਕਿ ਕਰੀਬ ਦੋ ਵਰ੍ਹੇ ਪਹਿਲਾਂ ਕੈਪਟਨ ਅਮਰਿੰਦਰ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਪਿੰਡ ਮਹਿਰਾਜ ਤੋਂ ਕਰਦੇ ਹੋਏ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਫੜਨ ਦਾ ਐਲਾਨ ਕੀਤਾ ਸੀ। ਉਨ੍ਹਾਂ ਆਪਣੇ ਫ਼ੌਜੀ ਜੀਵਨ ਦੇ ਹਵਾਲੇ ਨਾਲ ਆਖਿਆ ਕਿ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਦਾ ਵੀ ਇੱਕ ਤਰੀਕਾ ਤੇ ਜ਼ਾਬਤਾ ਹੁੰਦਾ ਹੈ। ਅਮਰਿੰਦਰ ਨੇ ਆਖਿਆ ਕਿ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਦੋਸ਼ੀ ਹਨ। ਕਰਜ਼ਾ ਮੁਆਫ਼ੀ ਸਕੀਮ ਦੇ ਤੀਸਰੇ ਪੜਾਅ ਤਹਿਤ ਅੱਜ ਇੱਥੇ ਪਿੰਡ ਮਹਿਰਾਜ ਵਿਚ ਬਠਿੰਡਾ ਤੇ ਮਾਨਸਾ ਦੇ 18,308 ਕਿਸਾਨਾਂ ਨੂੰ ਸਹਿਕਾਰੀ ਕਰਜ਼ੇ ਦੀ 97 ਕਰੋੜ ਦੀ ਰਾਹਤ ਦੇਣ ਲਈ ਰਾਜ ਪੱਧਰੀ ਸਮਾਰੋਹ ਰੱਖੇ ਹੋਏ ਸਨ ਜਿਨ੍ਹਾਂ ਵਿਚ ਕੁੱਝ ਕਿਸਾਨਾਂ ਨੂੰ ਸਟੇਜ ’ਤੇ ਬੁਲਾ ਕੇ ਕਰਜ਼ਾ ਮੁਆਫ਼ੀ ਰਾਹਤ ਦੇ ਸਰਟੀਫਿਕੇਟਾਂ ਦੀ ਵੰਡ ਕੀਤੀ। ਦੋ ਦਫ਼ਾ ਮੁਲਤਵੀ ਹੋਣ ਮਗਰੋਂ ਅੱਜ ਹੋਏ ਕਰਜ਼ਾ ਮੁਆਫ਼ੀ ਸਮਾਰੋਹਾਂ ਵਿਚ ਜੋਸ਼ ਵੇਖਣ ਨੂੰ ਮਿਲਿਆ। ਇਨ੍ਹਾਂ ਸਮਾਰੋਹਾਂ ਵਿਚ ਅਗਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦੀ ਲਿਸ਼ਕਾਰਾ ਵੀ ਪਿਆ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸਮਾਰੋਹਾਂ ਵਿਚ ਮੁੱਖ ਮੰਤਰੀ ਤੋਂ ਬੇਅਦਬੀ ਮਾਮਲੇ ਵਿਚ ਇਨਸਾਫ਼ ਦੀ ਮੰਗ ਇੱਕ ਤਰ੍ਹਾਂ ਨਾਲ ਝੋਲੀ ਅੱਡ ਕੇ ਕੀਤੀ।
ਮੁੱਖ ਮੰਤਰੀ ਨੇ ਆਖਿਆ ਕਿ ਕਰਜ਼ਾ ਮੁਆਫ਼ੀ ਕੋਈ ਪੱਕਾ ਹੱਲ ਨਹੀਂ ਹੈ ਪ੍ਰੰਤੂ ਇਸ ਨਾਲ ਖ਼ੁਦਕੁਸ਼ੀਆਂ ਦੀ ਦਰ ਵਿਚ ਕਮੀ ਆਈ ਹੈ। ਉਨ੍ਹਾਂ ਆਖਿਆ ਕਿ ਪੱਕੇ ਹੱਲ ਲਈ ਕੇਂਦਰ ਸਰਕਾਰ ਡਾ. ਸਵਾਮੀਨਾਥਨ ਕਮਿਸ਼ਨ ਦੀ ਸਮੁੱਚੀ ਰਿਪੋਰਟ ਨੂੰ ਲਾਗੂ ਕਰੇ। ਉਨ੍ਹਾਂ ਦਾ 10.25 ਲੱਖ ਕਿਸਾਨਾਂ ਨੂੰ ਕਰਜ਼ ਰਾਹਤ ਦੇਣ ਦਾ ਟੀਚਾ ਹੈ। ਬੇਜ਼ਮੀਨੇ ਕਿਸਾਨਾਂ ਨੂੰ ਵੀ ਰਾਹਤ ਦੇਣ ਯੋਜਨਾ ਹੈ। ਉਨ੍ਹਾਂ ਝੋਨੇ ਦੀ ਪਰਾਲੀ ਸਾੜਨ ਅਤੇ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ’ਚ ਕਮੀ ਲਿਆਉਣ ਅਤੇ ਨਾਲ ਹੀ ਖੇਤੀਬਾੜੀ ਪੈਦਾਵਾਰ ਰਾਹੀਂ ਗੋਦਾਮ ਨੱਕੋ-ਨੱਕ ਭਰਨ ਬਦਲੇ ਕਿਸਾਨਾਂ ਦੀ ਖੂਬ ਪ੍ਰਸ਼ੰਸਾ ਕੀਤੀ। ਮੁੱਖ ਮੰਤਰੀ ਨੇ ਪਿੰਡ ਮਹਿਰਾਜ ਲਈ 28 ਕਰੋੜ ਦਾ ਵਿਕਾਸ ਪੈਕੇਜ ਦਿੱਤਾ।
ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਉਨ੍ਹਾਂ ਮਿਲਕਫੈੱਡ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਾਲਵੇ ਦੇ ਕਿਸਾਨ ਹੀ ਕਿਉਂ ਖ਼ੁਦਕੁਸ਼ੀ ਕਰ ਰਹੇ ਹਨ, ਇਸ ਬਾਰੇ ਸਰਵੇਖਣ ਕਰਾਇਆ ਜਾਵੇ। ਉਨ੍ਹਾਂ ਕਿਸਾਨ ਯੂਨੀਅਨਾਂ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਲੱਖੋਵਾਲ ਦਾ ਜ਼ਿਕਰ ਕੀਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਗੁਰੂ ਦੀ ਬੇਅਦਬੀ ਕਰਨ ਵਾਲੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ ਹਨ, ਵਿਰੋਧੀਆਂ ਵੱਲੋਂ ਪਾਏ ਪੁਲੀਸ ਕੇਸ ਤਾਂ ਕਾਂਗਰਸੀ ਵਰਕਰਾਂ ਨੇ ਝੱਲ ਲਏ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਯੋਗ ਨਹੀਂ ਹੈ। ਚਰਨਜੀਤ ਸ਼ਰਮਾ ਤਾਂ ਇੱਕ ਕਰਿੰਦਾ ਸੀ, ਗੋਲੀ ਦਾ ਹੁਕਮ ਦੇਣ ਵਾਲੇ ਹੋਰ ਸਨ। ਜਾਖੜ ਨੇ ਅਮਰਿੰਦਰ ਨੂੰ ਤਿੱਖੀ ਸੁਰ ਵਿਚ ਚੇਤੇ ਕਰਾਇਆ ਕਿ ਅਗਰ ਤੁਸੀਂ ਇਸ ਮਾਮਲੇ ਵਿਚ ਦਿਆਵਾਨ ਹੋ ਗਏ ਤਾਂ ਪੰਜਾਬ ਦੇ ਲੋਕ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਕਰਜ਼ਾ ਮੁਆਫ਼ੀ ਵਿਚ ਪਹਿਲ ਕਰ ਕੇ ਦੇਸ਼ ਨੂੰ ਰਾਹ ਦਿਖਾਇਆ ਹੈ। ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ ਨੇ ਆਪਣੇ ਹਲਕੇ ਵਿਚ ਮੁੱਖ ਮੰਤਰੀ ਦੀ ਆਮਦ ’ਤੇ ਸਵਾਗਤ ਕਰਦਿਆਂ ਆਖਿਆ ਕਿ ਪਾਵਰਕੌਮ ਨੇ 8 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ ਅਤੇ ਜਲਦੀ ਹੀ ਕੈਬਨਿਟ ਵਿਚ 250 ਯੂਨਿਟ ਦੀ ਮੁਆਫ਼ੀ ਵਾਲੇ ਖਪਤਕਾਰਾਂ ਨੂੰ ਹੋਰ ਰਿਆਇਤ ਦਿੱਤੀ ਜਾ ਰਹੀ ਹੈ। ਸਟੇਜ ਤੋਂ ਕਾਂਗਰਸ (ਦਿਹਾਤੀ) ਦੇ ਜ਼ਿਲਾ ਪ੍ਰਧਾਨ ਖੁਸ਼ਬਾਜ਼ ਜਟਾਣਾ ਅਤੇ ਸ਼ਹਿਰੀ ਪ੍ਰਧਾਨ ਅਰੁਣ ਵਧਾਵਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਪ੍ਰਮੁੱਖ ਸਕੱਤਰ (ਮੁੱਖ ਮੰਤਰੀ) ਤੇਜਵੀਰ ਸਿੰਘ, ਸਾਬਕਾ ਪ੍ਰਧਾਨ ਨਰਿੰਦਰ ਭਲੇਰੀਆ, ਹਰਵਿੰਦਰ ਲਾਡੀ, ਸਾਬਕਾ ਵਿਧਾਇਕ ਮੁਹੰਮਦ ਸਦੀਕ, ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਆਦਿ ਵੀ ਹਾਜ਼ਰ ਸਨ।

Previous articleਹਰਿਆਣਾ ’ਚ ਪੁਲੀਸ ਤਾਇਨਾਤੀ ਵਾਲੀ ਥਾਂ ’ਤੇ ਹੋਈ ਸੀ ਕਤਲੋਗਾਰਤ
Next articleਲਾਲੂ, ਰਾਬੜੀ ਤੇ ਤੇਜਸਵੀ ਨੂੰ ਜ਼ਮਾਨਤ