ਹਰਭਜਨ ਦਾ ਸ਼ਾਨਦਾਰ ਪ੍ਰਦਰਸ਼ਨ; ਚੇਨੱਈ ਦੀ ਪਲੇਠੀ ਜਿੱਤ

ਹਰਭਜਨ ਸਿੰਘ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਚੇਨੱਈ ਸੁਪਰਕਿੰਗਜ਼ ਨੇ ਆਈਪੀਐਲ ਦੇ ਪਹਿਲੇ ਮੈਚ ਵਿੱਚ ਅੱਜ ਰੌਇਲ ਚੈਲੰਜਰਜ਼ ਬੰਗਲੌਰ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਹਰਭਜਨ ਸਿੰਘ ਨੇ ਚਾਰ ਓਵਰਾਂ ਵਿੱਚ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਆਰਸੀਬੀ ਨੂੰ 17.1 ਓਵਰਾਂ ਵਿੱਚ 70 ਦੌੜਾਂ ’ਤੇ ਢੇਰ ਕਰ ਦਿੱਤਾ। ਚੇਨੱਈ ਦੀ ਟੀਮ ਨੇ ਇਹ ਟੀਚਾ 17.4 ਓਵਰਾਂ ਵਿੱਚ ਪੂਰਾ ਕਰ ਲਿਆ। ਚੇਨੱਈ ਦੇ ਬੱਲੇਬਾਜ਼ ਸੁਰੇਸ਼ ਰੈਣਾ (19 ਦੌੜਾਂ) ਨੇ ਦੌੜਾਂ ਤਾਂ ਨਹੀਂ ਬਣਾਈਆਂ, ਪਰ ਆਈਪੀਐਲ ਵਿੱਚ ਪੰਜ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ, ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ। ਸੀਐਸਕੇ ਲਈ ਗੇਂਦਬਾਜ਼ ਇਮਰਾਨ ਤਾਹਿਰ ਨੇ ਤਿੰਨ ਓਵਰਾਂ ਵਿੱਚ ਨੌਂ ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਰਵਿੰਦਰ ਜਡੇਜਾ ਨੇ ਵੀ 15 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਕਪਤਾਨ ਮਹਿੰਦਰ ਸਿੰਘ ਧੋਨੀ ਦਾ ਹਰਭਜਨ ਸਿੰਘ ਤੋਂ ਗੇਂਦਬਾਜ਼ੀ ਕਰਵਾਉਣ ਦਾ ਫ਼ੈਸਲਾ ਸਹੀ ਸਾਬਿਤ ਹੋਇਆ, ਜਿਸ ਨੇ ਵਿਰੋਧੀ ਕਪਤਾਨ ਵਿਰਾਟ ਕੋਹਲੀ (ਛੇ ਦੌੜਾਂ) ਨੂੰ ਚੌਥੇ ਹੀ ਓਵਰ ਵਿੱਚ ਬਾਹਰ ਦਾ ਰਸਤਾ ਵਿਖਾਇਆ। ਬੰਗਲੌਰ ਦੀ ਟੀਮ ਇਸ ਝਟਕੇ ਤੋਂ ਉਭਰ ਨਹੀਂ ਸਕੀ। ਹਰਭਜਨ ਸਿੰਘ ਨੇ ਕੋਹਲੀ ਤੋਂ ਇਲਾਵਾ ਮੋਈਨ ਅਲੀ ਅਤੇ ਏਬੀ ਡਿਵਿਲੀਅਰਜ਼ (ਨੌਂ) ਨੂੰ ਆਊਟ ਕਰਕੇ ਮਹੱਤਵਪੂਰਨ ਵਿਕਟਾਂ ਲਈਆਂ। ਹਾਲਾਂਕਿ ਡਿਵਿਲੀਅਰਜ਼ ਨੂੰ ਤਾਹਿਰ ਨੇ ਜੀਵਨਦਾਨ ਵੀ ਦਿੱਤਾ, ਪਰ ਉਹ ਅਗਲੀ ਹੀ ਗੇਂਦ ’ਤੇ ਜਡੇਜਾ ਨੂੰ ਕੈਚ ਦੇ ਬੈਠਾ।

Previous articleਕਰਮਬੀਰ ਸਿੰਘ ਜਲ ਸੈਨਾ ਦੇ ਅਗਲੇ ਮੁਖੀ ਨਿਯੁਕਤ
Next articleਉਮਾ ਭਾਰਤੀ ਭਾਜਪਾ ਦੀ ਕੌਮੀ ਮੀਤ ਪ੍ਰਧਾਨ ਬਣੀ