ਅੰਮ੍ਰਿਤਸਰ- ਇਥੇ ਰਾਣੀ ਕਾ ਬਾਗ ਇਲਾਕੇ ਦੀ ਮਹਿੰਦਰਾ ਕਲੋਨੀ ਵਿਚੋਂ ਅੱਜ ਦਿਨ ਦਿਹਾੜੇ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਇਕ ਨੇਪਾਲੀ ਪਰਿਵਾਰ ਦੇ ਘਰ ਵਿਚ ਦਾਖਲ ਹੋ ਕੇ ਪਿਸਤੌਲ ਦਿਖਾ ਕੇ ਨਕਦੀ ਤੇ ਜੇਵਰਾਤ ਲੁੱਟ ਲਏ।
ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਦੌਰਾਨ ਇਲਾਕੇ ਵਿਚ ਘੇਰਾਬੰਦੀ ਕੀਤੀ ਸੀ ਪਰ ਲੁਟੇਰੇ ਬਚ ਕੇ ਫਰਾਰ ਹੋਣ ਵਿਚ ਸਫਲ ਹੋ ਗਏ।
ਲੁੱਟ ਦਾ ਸ਼ਿਕਾਰ ਬਣੇ ਨੇਪਾਲੀ ਪਰਿਵਾਰ ਵਿਚ ਕਿਸ਼ਨ ਕੁਮਾਰ ਅਤੇ ਉਸ ਦੀ ਪਤਨੀ ਸੰਗੀਤਾ ਸਮੇਤ ਉਨ੍ਹਾਂ ਦਾ ਬੇਟਾ ਰਹਿੰਦਾ ਹੈ। ਘਟਨਾ ਵੇਲੇ ਬੇਟਾ ਘਰੋਂ ਬਾਹਰ ਸੀ, ਜਦੋਂਕਿ ਉਨ੍ਹਾਂ ਦਾ ਦੂਜਾ ਬੇਟਾ ਭਾਰਤੀ ਫੌਜ ਵਿਚ ਹੈ। ਲੁਟੇਰੇ ਪਿਸਤੌਲ ਦਿਖਾ ਕੇ ਪਰਿਵਾਰ ਕੋਲੋਂ 30 ਹਜ਼ਾਰ ਰੁਪਏ ਅਤੇ ਔਰਤ ਦੇ ਸੋਨੇ ਦੇ ਕਾਂਟੇ ਤੇ ਹੋਰ ਜ਼ੇਵਰਾਤ ਲੁੱਟ ਕੇ ਲੈ ਗਏ ਹਨ। ਪੀੜਤ ਕਿਸ਼ਨ ਕੁਮਾਰ ਨੇ ਪੁਲੀਸ ਨੂੰ ਦਸਿਆ ਕਿ ਲੁਟੇਰਿਆਂ ਨੇ ਘਰ ਵਿਚ ਦਾਖਲ ਹੁੰਦਿਆਂ ਹੀ ਉਸ ਉਪਰ ਪਿਸਤੌਲ ਤਾਣ ਲਈ। ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਘਰ ਵਿਚ ਰੱਖੀ ਨਕਦੀ ਸਮੇਤ ਸੋਨੇ ਦੇ ਜੇਵਰਾਤ ਤੇ ਹੋਰ ਬਹੁਮੁੱਲੀਆਂ ਵਸਤਾਂ ਦੇਣ ਲਈ ਆਖਿਆ।
ਵਿਰੋਧ ਕਰਨ ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਪੁਲੀਸ ਨੇ ਜਾਂਚ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪ੍ਰਾਪਤ ਕੀਤੀ ਹੈ, ਜਿਸ ਵਿਚ ਤਿੰਨ ਨੌਜਵਾਨ ਘਰ ਵਿਚ ਦਾਖਲ ਹੁੰਦੇ ਦਿਖਾਈ ਦਿੰਦੇ ਹਨ। ਇਹ ਲੁਟੇਰੇ ਘਟਨਾ ਤੋਂ ਬਾਅਦ ਛੱਤ ਰਾਹੀਂ ਗੁਆਂਢੀਆਂ ਦੇ ਘਰ ਹੁੰਦੇ ਹੋਏ ਭੱਜੇ ਸਨ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਲਖਬੀਰ ਸਿੰਘ ਨੇ ਦਸਿਆ ਕਿ ਲੁਟੇਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।ਇਹ ਨੇਪਾਲੀ ਪਰਿਵਾਰ ਇਥੇ ਪਰਵਾਸੀ ਭਾਰਤੀ ਪਰਿਵਾਰ ਦੀ ਕੋਠੀ ਦੇ ਪਿੱਛਲੇ ਹਿੱਸੇ ਵਿਚ ਰਹਿ ਰਿਹਾ ਸੀ।
INDIA ਹਥਿਆਰਬੰਦ ਲੁਟੇਰਿਆਂ ਨੇ ਘਰ ਵਿੱਚ ਨੇਪਾਲੀ ਪਰਿਵਾਰ ਲੁੱਟਿਆ