* ਜੰਮੂ ਕਸ਼ਮੀਰ ’ਚ ਅਸੈਂਬਲੀ ਚੋਣਾਂ ਪਿੱਛੇ ਪਾਈਆਂ
* ਦਸ ਲੱਖ ਪੋਲਿੰਗ ਸਟੇਸ਼ਨ ਹੋਣਗੇ ਸਥਾਪਤ
* ਆਂਧਰਾ ਪ੍ਰਦੇਸ਼, ਅਰੁਣਾਚਲ, ਉੜੀਸਾ ਤੇ ਸਿੱਕਿਮ ਵਿੱਚ ਇਕੋ ਵੇਲੇ ਹੋਣਗੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ
ਚੋਣ ਕਮਿਸ਼ਨ ਨੇ ਅੱਜ 17ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਚੋਣਾਂ ਐਤਕੀਂ ਸੱਤ ਪੜਾਵਾਂ ’ਚ ਹੋਣਗੀਆਂ, ਜਿਸ ਦੀ ਸ਼ੁਰੂਆਤ 11 ਅਪਰੈਲ ਤੋਂ ਹੋਵੇਗੀ। ਆਖਰੀ ਤੇ ਸੱਤਵੇਂ ਪੜਾਅ ਦੀਆਂ ਵੋਟਾਂ 19 ਮਈ ਨੂੰ ਪੈਣਗੀਆਂ ਜਦੋਂ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਪੰਜਾਬ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਿੰਗ 19 ਮਈ ਨੂੰ ਹੋਵੇਗੀ ਜਦੋਂਕਿ ਗੁਆਂਢੀ ਰਾਜ ਹਰਿਆਣਾ ਵਿੱਚ ਵੋਟਿੰਗ ਦਾ ਅਮਲ 12 ਮਈ ਨੂੰ ਸਿਰੇ ਚੜ੍ਹੇਗਾ। ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੜੀਸਾ ਤੇ ਸਿੱਕਿਮ ਵਿੱਚ ਆਮ ਚੋਣਾਂ ਦੇ ਨਾਲ ਹੀ ਅਸੈਂਬਲੀ ਚੋਣਾਂ ਲਈ ਵੀ ਵੋਟਿੰਗ ਹੋਵੇਗੀ ਜਦੋਂਕਿ ਚੋਣ ਕਮਿਸ਼ਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਜੰਮੂ ਕਸ਼ਮੀਰ ਅਸੈਂਬਲੀ ਲਈ ਚੋਣਾਂ ਨੂੰ ਹਾਲ ਦੀ ਘੜੀ ਪਿੱਛੇ ਪਾ ਦਿੱਤਾ ਹੈ ਜਦੋਂਕਿ ਰਾਜ ਵਿੱਚ ਸੰਸਦੀ ਚੋਣਾਂ ਪੰਜ ਪੜਾਵਾਂ ਵਿੱਚ ਹੋਣਗੀਆਂ। ਸਾਲ 1996 ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਨਾਲ ਨਹੀਂ ਹੋਣਗੀਆਂ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਐਤਕੀਂ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਮੁਲਕ ਭਰ ਵਿੱਚ ਦਸ ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਸਾਲ 2014 ਵਿੱਚ ਇਹ ਅੰਕੜਾ 9 ਲੱਖ ਦੇ ਕਰੀਬ ਸੀ। ਸ੍ਰੀ ਅਰੋੜਾ ਨੇ ਦੱਸਿਆ ਕਿ ਲੋਕ ਸਭਾ ਦੀਆਂ 543 ਸੀਟਾਂ ਲਈ ਲਗਪਗ 90 ਕਰੋੜ ਵੋਟਰ ਮਤਦਾਨ ਲਈ ਯੋਗ ਹੋਣਗੇ। ਚੋਣ ਪ੍ਰੋਗਰਾਮ ਮੁਤਾਬਕ ਪੂਰਾ ਚੋਣ ਅਮਲ ਸੱਤ ਗੇੜਾਂ ਵਿੱਚ ਮੁਕੰਮਲ ਹੋਵੇਗਾ। ਪਹਿਲੇ ਗੇੜ ਦੀ ਵੋਟਿੰਗ 11 ਅਪਰੈਲ ਨੂੰ, ਦੂਜੇ ਦੀ 18 ਅਪਰੈਲ, ਤੀਜੇ ਦੀ 23 ਅਪਰੈਲ, ਚੌਥੇ ਦੀ 29 ਅਪਰੈਲ, ਪੰਜਵੇਂ ਦੀ 6 ਮਈ, ਛੇਵੇਂ ਦੀ 12 ਮਈ ਤੇ ਸੱਤਵੇਂ ਤੇ ਅੰਤਿਮ ਗੇੜ ਲਈ ਵੋਟਾਂ 19 ਮਈ ਨੂੰ ਪੈਣਗੀਆਂ। ਸ੍ਰੀ ਅਰੋੜਾ ਨੇ ਕਿਹਾ ਕਿ ਸਾਰੇ ਸੰਸਦੀ ਹਲਕਿਆਂ (543) ਲਈ ਵੋਟਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 91 ਸੰਸਦੀ ਹਲਕਿਆਂ, ਦੂਜੇ ਵਿੱਚ 97, ਤੀਜੇ ਵਿੱਚ 115, ਚੌਥੇ ਵਿੱਚ 71, ਪੰਜਵੇਂ ਵਿੱਚ 51, ਛੇਵੇਂ ’ਚ 59 ਤੇ ਸੱਤਵੇਂ ਗੇੜ ਵਿੱਚ 59 ਸੰਸਦੀ ਹਲਕਿਆਂ ਲਈ ਵੋਟਾਂ ਪੈਣਗੀਆਂ। ਸ੍ਰੀ ਅਰੋੜਾ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਅਰੁਣਾਚਲ, ਉੜੀਸਾ ਤੇ ਸਿੱਕਿਮ ਵਿਧਾਨ ਸਭਾਵਾਂ ਲਈ ਚੋਣ ਆਮ ਚੋਣਾਂ ਦੇ ਨਾਲ ਹੀ ਹੋਵੇਗੀ ਜਦੋਂਕਿ ਸੁਰੱਖਿਆ ਕਾਰਨਾਂ ਦੇ ਚਲਦਿਆਂ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਨੂੰ ਹਾਲ ਦੀ ਘੜੀ ਅੱਗੇ ਪਾ ਦਿੱਤਾ ਹੈ। ਤਿੰਨ ਰਾਜਾਂ ਆਂਧਰਾ ਪ੍ਰਦੇਸ਼, ਅਰੁਣਾਚਲ ਤੇ ਸਿੱਕਿਮ ਵਿੱਚ ਸਾਰੀਆਂ ਅਸੈਂਬਲੀ ਸੀਟਾਂ ਤੇ ਲੋਕ ਸਭਾ ਚੋਣਾਂ ਲਈ ਇਕੋ ਵੇਲੇ ਵੋਟਿੰਗ 11 ਅਪਰੈਲ ਨੂੰ ਹੋਵੇਗੀ। ਉੜੀਸਾ ਵਿੱਚ ਸੰਸਦੀ ਤੇ ਅਸੈਂਬਲੀ ਚੋਣਾਂ ਲਈ ਵੋਟਾਂ ਚਾਰ ਪੜਾਵਾਂ 11 ਅਪਰੈਲ, 18 ਅਪਰੈਲ, 23 ਅਪਰੈਲ ਤੇ 29 ਅਪਰੈਲ ਨੂੰ ਪੈਣਗੀਆਂ। ਜੰਮੂ-ਕਸ਼ਮੀਰ ਦੀ ਗੱਲ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੂਬੇ ਵਿੱਚ ਹਾਲੀਆ ਹਿੰਸਾ ਤੇ ਕੇਂਦਰੀ ਬਲਾਂ ਦੀ ਉਪਲਬਧਤਾ ਵਿੱਚ ਆ ਰਹੀ ਮੁਸ਼ਕਲ ਦੇ ਚਲਦਿਆਂ ਸੂਬੇ ਵਿੱਚ ਅਜੇ ਸਿਰਫ਼ ਲੋਕ ਸਭਾ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨੰਤਨਾਗ ਸੰਸਦੀ ਸੀਟ ਲਈ ਵੋਟਿੰਗ ਦਾ ਕੰਮ ਤਿੰਨ ਪੜਾਵਾਂ ਵਿੱਚ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸੁਰੱਖਿਆ ਵੱਡੀ ਚੁਣੌਤੀ ਹੈ। ਆਮ ਚੋਣਾਂ ਦੌਰਾਨ ਕੁੱਲ 22 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਕੋ ਪੜਾਅ ਵਿੱਚ ਵੋਟਾਂ ਦਾ ਅਮਲ ਸਿਰੇ ਚੜ੍ਹੇਗਾ। ਇਨ੍ਹਾਂ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲ, ਪੰਜਾਬ, ਤਾਮਿਲ ਨਾਡੂ, ਤਿਲੰਗਾਨਾ, ਉੱਤਰਾਖੰਡ, ਅੰਡੇਮਾਨ ਤੇ ਨਿਕੋਬਾਰ, ਪੁਡੂਚੇਰੀ ਤੇ ਚੰਡੀਗੜ੍ਹ ਵੀ ਸ਼ਾਮਲ ਹਨ। ਬਿਹਾਰ, ਯੂਪੀ ਤੇ ਪੱਛਮੀ ਬੰਗਾਲ ਵਿੱਚ ਚੋਣਾਂ ਸੱਤ ਪੜਾਵਾਂ ਜਦੋਂਕਿ ਜੰਮੂ ਕਸ਼ਮੀਰ ਵਿੱਚ ਵੋਟਿੰਗ ਦੇ ਪੰਜ ਪੜਾਅ ਹੋਣਗੇ। ਸਾਲ 2014 ਵਿੱਚ ਲੋਕ ਸਭਾ ਚੋਣਾਂ 9 ਪੜਾਵਾਂ ਵਿੱਚ ਮੁਕੰਮਲ ਹੋਈਆਂ ਸਨ। ਵੋਟਿੰਗ ਦਾ ਅਮਲ 7 ਅਪਰੈਲ ਨੂੰ ਸ਼ੁਰੂ ਹੋ ਕੇ 9 ਮਈ ਨੂੰ ਖ਼ਤਮ ਹੋਇਆ ਸੀ। ਵੋਟਾਂ ਦੀ ਗਿਣਤੀ 16 ਮਈ ਨੂੰ ਹੋਈ ਸੀ। ਉਦੋਂ ਕੁੱਲ 8251 ਉਮੀਦਵਾਰ ਚੋਣ ਪਿੜ ਵਿੱਚ ਨਿੱਤਰੇ ਸਨ, ਜੋ ਕਿ ਔਸਤ ਹਰ ਸੰਸਦੀ ਹਲਕੇ ਤੋਂ 15 ਉਮੀਦਵਾਰ ਬਣਦਾ ਸੀ। ਇਨ੍ਹਾਂ ਵਿੱਚੋਂ ਸੱਤ ਹਜ਼ਾਰ ਦੇ ਕਰੀਬ ਉਮੀਦਵਾਰ ਆਪਣੀ ਜ਼ਮਾਨਤ ਬਚਾਉਣ ਵਿੱਚ ਵੀ ਨਾਕਾਮ ਰਹੇ ਸਨ। ਕੁੱਲ 55 ਕਰੋੜ ਵੋਟਰਾਂ (66.3 ਫੀਸਦ) ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ, ਤੇ ਮੁਲਕ ਭਰ ਵਿੱਚ 9.27 ਲੱਖ ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਵੋਟਿੰਗ ਦੌਰਾਨ 60 ਲੱਖ ਦੇ ਕਰੀਬ ਵੋਟਰਾਂ ਨੇ ‘ਨੋਟਾ’ ਬਦਲ ਦੀ ਵਰਤੋਂ ਕੀਤੀ ਸੀ।