ਝਾਰਖੰਡ ਵਿਚ ਛੱਤੀਸਗੜ੍ਹ ਦੀ ਤਰਜ਼ ’ਤੇ ਤਬਦੀਲੀ ਲਿਆਉਣ ਦਾ ਕੀਤਾ ਦਾਅਵਾ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ਝਾਰਖੰਡ ਵਿੱਚ ਵਿਰੋਧੀ ਪਾਰਟੀਆਂ ਦਾ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਉਹ ਕਬਾਇਲੀ ਬਹੁਗਿਣਤੀ ਵਾਲੇ ਇਸ ਰਾਜ ਵਿੱਚ ਕਿਸਾਨੀ ਕਰਜ਼ਿਆਂ ’ਤੇ ਲੀਕ ਮਾਰ ਦੇਣਗੇ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਵਾਂਗ ਝਾਰਖੰਡ ਵਿੱਚ ਵੀ ਤਬਦੀਲੀ ਲਿਆਂਦੀ ਜਾਵੇਗੀ।
ਝਾਰਖੰਡ ਵਿੱਚ ਪਲੇਠੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਭੁਪੇਸ਼ ਬਘੇਲ ਦੀ ਅਗਵਾਈ ਵਾਲੀ ਕਾਂਗਰਸ ਦੀ ਛੱਤੀਸਗੜ੍ਹ ਸਰਕਾਰ ਨੇ ਇਕ ਸਾਲ ਅੰਦਰ ਸੂਬੇ ਦਾ ਕਾਇਆ ਕਲਪ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘ਛੱਤੀਸਗੜ੍ਹ ਵਿੱਚ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਕਬਾਇਲੀ ਲੋਕਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਕੇ ਸਨਅਤਕਾਰਾਂ ਨੂੰ ਦਿੱਤੀਆਂ ਗਈਆਂ। ਅਸੀਂ ਕਬਾਇਲੀ ਬਿੱਲ, ਜੰਗਲਾਤ ਅਧਿਕਾਰਾਂ ਬਾਰੇ ਕਾਨੂੰਨ ਲਿਆ ਕੇ ਭਾਜਪਾ ਵੱਲੋਂ ਕੀਤੀਆਂ ਗਲਤੀਆਂ ਨੂੰ ਸੁਧਾਰਿਆ। ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਟਾਟਾਜ਼ ਕੋਲੋਂ ਜ਼ਮੀਨਾਂ ਵਾਪਸ ਲੈ ਕੇ ਕਬਾਇਲੀਆਂ ਨੂੰ ਮੋੜੀਆਂ ਗਈਆਂ ਹਨ।’ ਉਨ੍ਹਾਂ ਕਿਹਾ ਕਿ ਕਬਾਇਲੀ ਲੋਕਾਂ ਕੋਲ ਪਾਣੀ, ਜੰਗਲ ਤੇ ਜ਼ਮੀਨ ਹੈ ਤੇ ਕਾਂਗਰਸ ਇਨ੍ਹਾਂ ਸਰੋਤਾਂ ’ਤੇ ਉਨ੍ਹਾਂ ਦੇ ਹੱਕਾਂ ਦੀ ਰਾਖੀ ਕਰੇਗੀ। ਉਨ੍ਹਾਂ ਕਿਹਾ ਕਿ ਝਾਰਖੰਡ ਤੇ ਛੱਤੀਸਗੜ੍ਹ ਵਿੱਚ ਕੁਦਰਤੀ ਸਰੋਤਾਂ ਦੀ ਕੋਈ ਘਾਟ ਨਹੀਂ, ਪਰ ਕਬਾਇਲੀ ਲੋਕਾਂ ਨੂੰ ਇਨ੍ਹਾਂ ਦਾ ਲਾਹਾ ਨਹੀਂ ਮਿਲ ਰਿਹਾ। ਭਾਜਪਾ ਸਰਕਾਰ ਨੇ ਛੱਤੀਸਗੜ੍ਹ ਦੀ ਤਰਜ਼ ’ਤੇ ਝਾਰਖੰਡ ਨੂੰ ਵੀ ਲੁੱਟਿਆ, ਪਰ ਕਾਂਗਰਸ ਹੁਣ ਅਜਿਹਾ ਨਹੀਂ ਹੋਣ ਦੇਵੇਗੀ। ਕਾਂਗਰਸ ਆਗੂ ਨੇ ਨੋਟਬੰਦੀ ਤੇ ਜੀਐੱਸਟੀ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਰਗੜੇ ਲਾਏ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ 10-15 ਸਨਅਤਕਾਰ ਦੋਸਤ ਉਨ੍ਹਾਂ ਦੀ ਮਾਰਕੀਟਿੰਗ ’ਤੇ ਆਉਂਦੇ ਖਰਚੇ ਦਾ ਧਿਆਨ ਰੱਖਦੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ‘ਮੇਕ ਇਨ ਇੰਡੀਆ’ ਦਾ ਰਾਗ ਅਲਾਪਦੇ ਹਨ, ਪਰ ਝਾਰਖੰਡ ਦੇ ਕਿਸੇ ਇਕ ਨੌਜਵਾਨ ਨੂੰ ਇਸ ਤਹਿਤ ਰੁਜ਼ਗਾਰ ਨਹੀਂ ਮਿਲਿਆ।