ਸਵੀਡਨ ਦੀ ਸ਼ਾਹੀ ਜੋੜੀ ਵੱਲੋਂ ਮੋਦੀ ਨਾਲ ਮੁਲਾਕਾਤ

ਸਬੰਧ ਹੋਰ ਪੱਕੇ ਕਰਨ ਬਾਰੇ ਕੀਤੀ ਚਰਚਾ; ਸ਼ਾਹੀ ਜੋੜੇ ਦਾ ਰਾਸ਼ਟਰਪਤੀ ਭਵਨ ’ਚ ਨਿੱਘਾ ਸਵਾਗਤ

ਨਵੀਂ ਦਿੱਲੀ- ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਪੰਜ ਦਿਨਾ ਦੌਰੇ ’ਤੇ ਆਏ ਸਵੀਡਨ ਦੇ ਕਿੰਗ ਕਾਰਲ ਗੁਸਤਾਫ਼ ਤੇ ਰਾਣੀ ਸਿਲਵੀਆ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ। ਸਵੀਡਨ ਦਾ ਇਹ ਸ਼ਾਹੀ ਜੋੜਾ ਅੱਜ ਸਵੇਰੇ ਇੱਥੇ ਪਹੁੰਚਿਆ। ਰਾਸ਼ਟਰਪਤੀ ਭਵਨ ਵਿੱਚ ਇਸ ਸ਼ਾਹੀ ਜੋੜੇ ਲਈ ਇਕ ਸਵਾਗਤੀ ਸਮਾਰੋਹ ਕੀਤਾ ਗਿਆ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਸ਼ਾਹੀ ਜੋੜੇ ਦੀਆਂ ਤਸਵੀਰਾਂ ਸਣੇ ਟਵੀਟ ਕਰ ਕੇ ਦੱਸਿਆ ਕਿ ਇੱਥੇ ਹੈਦਰਾਬਾਦ ਹਾਊਸ ’ਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਸਵੀਡਨ ਦੇ ਕਿੰਗ ਕਾਰਲ ਗੁਸਤਾਫ਼ ਤੇ ਰਾਣੀ ਸਿਲਵੀਆ ਦਾ ਵਫ਼ਦ ਪੱਧਰੀ ਗੱਲਬਾਤ ਲਈ ਸਵਾਗਤ ਕੀਤਾ ਗਿਆ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਸ਼ਾਹੀ ਜੋੜੇ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧ ਹੋਰ ਪੱਕੇ ਕਰਨ ਬਾਰੇ ਚਰਚਾ ਕੀਤੀ। ਕਿੰਗ ਵੱਲੋਂ ਭਵਿੱਖ ’ਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਵੀ ਮੀਟਿੰਗ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿੱਲੀ ਤੋਂ ਇਲਾਵਾ ਇਸ ਸ਼ਾਹੀ ਜੋੜੇ ਦਾ ਮੁੰਬਈ ਤੇ ਉੱਤਰਾਖੰਡ ਜਾਣ ਦਾ ਪ੍ਰੋਗਰਾਮ ਵੀ ਹੈ। ਕਿੰਗ ਕਾਰਲ ਗੁਸਤਾਫ਼ ਵੱਲੋਂ ਉਨ੍ਹਾਂ ਦੇ ਦੇਸ਼ ਦੇ ਉੱਚ ਪੱਧਰੀ ਕਾਰੋਬਾਰੀ ਵਫ਼ਦ ਦੀ ਅਗਵਾਈ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਉਪ ਸ਼ਾਹੀ ਇਮਾਮ ਸਈਦ ਸ਼ਾਬਾਨ ਬੁਖਾਰੀ ਤੇ ਇਤਿਹਾਸਕਾਰ ਸੋਹੇਲ ਹਾਸ਼ਮੀ ਵੱਲੋਂ ਕਿੰਗ ਕਾਰਲ ਗੁਸਤਾਫ਼ ਤੇ ਰਾਣੀ ਸਿਲਵੀਆ ਨੂੰ ਜਾਮਾ ਮਸਜਿਦ ਤੇ ਲਾਲ ਕਿਲ੍ਹੇ ਦਾ ਦੌਰਾ ਵੀ ਕਰਵਾਇਆ ਗਿਆ।

Previous articleਸੱਤਾ ਵਿੱਚ ਆਏ ਤਾਂ ਕਿਸਾਨੀ ਕਰਜ਼ੇ ਮੁਆਫ਼ ਕਰਾਂਗੇ: ਰਾਹੁਲ ਗਾਂਧੀ
Next articleਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵਿੱਢੇ ਯਤਨ ‘ਨਾਕਾਫ਼ੀ’: ਗੁਟੇਰੇਜ਼