ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਦੇ ਇਥੇ ਅਦਾਲਤ ਮੂਹਰੇ 31 ਦਸੰਬਰ ਨੂੰ ਆਤਮ-ਸਮਰਪਣ ਕਰਨ ਦੀ ਸੰਭਾਵਨਾ ਹੈ। ਸਿੱਖ ਕਤਲੇਆਮ ਦੇ ਕੇਸ ’ਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਸੱਜਣ ਕੁਮਾਰ ਨੇ ਆਤਮ-ਸਮਰਪਣ ਦੀ ਤਰੀਕ ਵਧਾਏ ਜਾਣ ਲਈ ਦਿੱਲੀ ਹਾਈ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ ਪਰ ਉਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਸੀ। ਸੱਜਣ ਕੁਮਾਰ ਦੇ ਵਕੀਲ ਅਨਿਲ ਕੁਮਾਰ ਸ਼ਰਮਾ ਨੇ ਕਿਹਾ ਕਿ ਉਸ ਕੋਲ ਹੁਣ ਰਾਹ ਘੱਟ ਰਹਿ ਗਏ ਹਨ ਕਿਉਂਕਿ ਸੁਪਰੀਮ ਕੋਰਟ ਵੱਲੋਂ ਉਸ ਦੀ ਅਪੀਲ ’ਤੇ 2 ਜਨਵਰੀ ਤੋਂ ਪਹਿਲਾਂ ਸੁਣਵਾਈ ਕੀਤੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਉਸ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਫ਼ੈਸਲੇ ਦਾ ਪਾਲਣ ਕਰਨਗੇ। ਸਾਬਕਾ ਕਾਂਗਰਸ ਆਗੂ ਨੇ ਬੱਚਿਆਂ ਅਤੇ ਜਾਇਦਾਦ ਨਾਲ ਸਬੰਧਤ ਮਾਮਲੇ ਦੇ ਨਿਬੇੜੇ ਲਈ ਆਤਮ-ਸਮਰਪਣ ਦਾ ਸਮਾਂ ਹੋਰ ਵਧਾਏ ਜਾਣ ਦੀ ਮੰਗ ਕੀਤੀ ਸੀ ਤਾਂ ਜੋ ਉਹ ਹਾਈ ਕੋਰਟ ਵੱਲੋਂ ਸੁਣਾਈ ਗਈ ਸਜ਼ਾ ਖ਼ਿਲਾਫ਼ ਸੁਪਰੀਮ ਕੋਰਟ ’ਚ ਅਰਜ਼ੀ ਦੇ ਸਕੇ। ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ’ਚ ਦਾਖ਼ਲ ਕੀਤੀ ਗਈ ਅਪੀਲ ’ਚ ਉਨ੍ਹਾਂ ਸਾਰੇ ਇਤਰਾਜ਼ਾਂ ਨੂੰ ਹਟਾ ਦਿੱਤਾ ਹੈ ਪਰ ਅਦਾਲਤਾਂ ’ਚ ਛੁੱਟੀਆਂ ਹੋਣ ਕਰਕੇ ਇਹ ਪਹਿਲੀ ਜਨਵਰੀ ਨੂੰ ਹੀ ਖੁਲ੍ਹੇਗੀ ਅਤੇ ਅਰਜ਼ੀ ’ਤੇ ਸੁਣਵਾਈ 31 ਦਸੰਬਰ ਤੋਂ ਪਹਿਲਾਂ ਹੋਣਾ ਮੁਸ਼ਕਲ ਹੈ। ਉਸ ਨੇ ਕਿਹਾ ਕਿ ਸੁਪਰੀਮ ਕੋਰਟ ’ਚ ਸੱਜਣ ਕੁਮਾਰ ਦੀ ਪੈਰਵੀ ਕਰਨ ਲਈ ਸੀਨੀਵਰ ਵਕੀਲ ਕਰਨਾ ਅਜੇ ਬਾਕੀ ਹੈ। ਸੱਜਣ ਕੁਮਾਰ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ 22 ਦਸੰਬਰ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਸਿੱਖ ਕਤਲੇਆਮ ਦੇ ਕੇਸ ’ਚ 73 ਵਰ੍ਹਿਆਂ ਦੇ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਨੇ 17 ਦਸੰਬਰ ਨੂੰ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਸੀ। ਦਿੱਲੀ ਦੀ ਪਾਲਮ ਕਾਲੋਨੀ ਦੇ ਰਾਜ ਨਗਰ ਪਾਰਟ-1 ’ਚ 1-2 ਨਵੰਬਰ 1984 ਨੂੰ ਪੰਜ ਸਿੱਖਾਂ ਦੀ ਹੱਤਿਆ ਅਤੇ ਰਾਜ ਨਗਰ ਪਾਰਟ-11 ’ਚ ਗੁਰਦੁਆਰੇ ਨੂੰ ਸਾੜਨ ਦੇ ਮਾਮਲੇ ’ਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ।