ਜਬਰ-ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਕੁੱਟਮਾਰ

ਨੇੜਲੇ ਸ਼ਹਿਰ ਸੋਹਾਣਾ ਵਿੱਚ ਅੱਜ ਪੀਜੀ ਲੜਕੀ ਨਾਲ ਜਬਰ-ਜਨਾਹ ਦੀ ਕਥਿਤ ਕੋਸ਼ਿਸ਼ ਕਰਨ ਦੇ ਮਾਮਲੇ ’ਚ ਨੌਜਵਾਨ ਨੂੰ ਘਰੋਂ ਚੁੱਕਣ ਆਈ ਪੁਲੀਸ ਪਾਰਟੀ ਦੀ ਗੱਡੀ ਨੂੰ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਘੇਰ ਲਈ ਅਤੇ ਮੁਲਜ਼ਮ ਦੇ ਘਰ ਵਿੱਚ ਜਬਰਦਸਤੀ ਦਾਖ਼ਲ ਹੋ ਕੇ ਕਿਰਪਾਨਾਂ, ਲੋਹੇ ਦੀਆਂ ਰਾੜਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਪੁਲੀਸ ਨੇ ਹਮਲਾਵਰਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੀਜੀ ਮਾਲਕ ਅਤੇ ਉਸ ਦੇ ਬੰਦਿਆਂ ਨੇ ਪੁਲੀਸ ਕਰਮਚਾਰੀ ਵੀ ਭਜਾ ਭਜਾ ਕੇ ਕੁੱਟੇ। ਥਾਣਾ ਸੋਹਾਣਾ ਦੀ ਐਸਐਚਓ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਉਰਫ਼ ਸਰਬਾ ਦੇ ਖ਼ਿਲਾਫ਼ ਧਾਰਾ 376 ਅਤੇ 506 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਜਦੋਂਕਿ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ, ਨੰਨੂ, ਬਲਕਾਰ, ਗੁਰਪ੍ਰੀਤ ਸਮੇਤ ਕਈ ਹੋਰਨਾਂ ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਗਿਆ ਹੈ। ਪੁਲੀਸ ’ਤੇ ਹਮਲਾ ਕਰਨ ਵਾਲੇ ਸਾਰੇ ਮੁਲਜ਼ਮ ਫਰਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸੋਹਾਣਾ ਵਿੱਚ ਪੀਜੀ ਵਿੱਚ ਰਹਿੰਦੀ ਲੜਕੀ ਨਾਲ ਪਿੰਡ ਦੇ ਇਕ ਨੌਜਵਾਨ ਵੱਲੋਂ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਰਾਤ ਭਰ ਲੜਕੀ ਦੇ ਪੀਜੀ ਰੂਮ ਵਿੱਚ ਰਿਹਾ ਅਤੇ ਸਵੇਰੇ ਤੜਕੇ ਜਿਵੇਂ ਹੀ ਜਾਣ ਲੱਗਾ ਤਾਂ ਉਸ ਨੂੰ ਪੀਜੀ ਮਾਲਕ ਨੇ ਦੇਖ ਲਿਆ ਅਤੇ ਮਾਮਲਾ ਪੁਲੀਸ ਕੋਲ ਪਹੁੰਚ ਗਿਆ। ਦੱਸਿਆ ਜਾ ਰਿਹਾ ਹੈ ਇਹ ਨੌਜਵਾਨ, ਲੜਕੀ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਅਤੇ ਰਾਤੀ ਕਿਸੇ ਪਾਰਟੀ ਤੋਂ ਬਾਅਦ ਉਹ ਲੜਕੀ ਦੇ ਰੂਮ ਵਿੱਚ ਆ ਗਿਆ ਸੀ। ਪੀੜਤ ਲੜਕੀ ਨੇ ਖ਼ੁਦ ਸੋਹਾਣਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਲੰਘੀ ਰਾਤ ਕਰੀਬ ਡੇਢ ਵਜੇ ਸਰਬਜੀਤ ਸਿੰਘ ਉਸ ਦੇ ਕਮਰੇ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਿਆ ਸੀ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਉਹ ਸਰਬਜੀਤ ਨਾਲ ਕਰੀਬ 2 ਘੰਟੇ ਤੱਕ ਜੂਝਦੀ ਰਹੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਥਾਣਾ ਸੋਹਾਣਾ ਦੀ ਐੱਸਐਚਓ ਖੁਸ਼ਪ੍ਰੀਤ ਕੌਰ ਮੌਕੇ ’ਤੇ ਪਹੁੰਚੀ ਤਾਂ ਕੁਝ ਵਿਅਕਤੀ ਸਰਬਜੀਤ ਸਿੰਘ ਦੀ ਕੁੱਟਮਾਰ ਕਰ ਰਹੇ ਸਨ ਜਿਨ੍ਹਾਂ ਵਿੱਚ ਪੀਜੀ ਮਾਲਕ ਸ਼ਿੰਗਾਰਾ ਮੁਹੰਮਦ ਸਭ ਤੋਂ ਅੱਗੇ ਸੀ। ਪੁਲੀਸ ਮੁਤਾਬਕ ਸਰਬਜੀਤ ਸਿੰਘ ਪਹਿਲਵਾਨੀ ਕਰਦਾ ਹੈ ਅਤੇ ਥਾਣੇਦਾਰ ਦਾ ਬੇਟਾ ਹੈ। ਪੁਲੀਸ ਨੇ ਜਿਵੇਂ ਹੀ ਸਰਬਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਸਰਬਜੀਤ ਸਿੰਘ ਸਮੇਤ ਕਈ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ। ਜਦੋਂ ਪੁਲੀਸ ਸਰਬਜੀਤ ਨੂੰ ਲਿਜਾ ਰਹੀ ਤਾਂ ਹਮਲਾਵਰਾਂ ਨੇ ਪੁਲੀਸ ਵਾਹਨ ’ਚੋਂ ਵੀ ਨੌਜਵਾਨ ਨੂੰ ਥੱਲੇ ਲਾਹੁਣ ਦੀ ਕੋਸ਼ਿਸ਼ ਵੀ ਕੀਤੀ।

Previous articleਪ੍ਰਿਯੰਕਾ ਦਾ ਚੋਣ ਗਣਿਤ ਅਜੇ ਕੱਚਾ: ਸਮ੍ਰਿਤੀ
Next articleਸਰਹੱਦੀ ਹਲਕੇ ਗੁਰਦਾਸਪੁਰ ਦਾ ਵਿਕਾਸ ਮੇਰਾ ਟੀਚਾ: ਜਾਖੜ