ਨਵੀਂ ਦਿੱਲੀ (ਸਮਾਜ ਵੀਕਲੀ) : ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀਆਂ ਤੇ ਵਿਰੋਧ ਪਾਰਟੀਆਂ ਦੇ ਆਗੂਆਂ ਨੇ ਸਾਲ 2001 ਵਿੱਚ ਸੰਸਦ ’ਤੇ ਹੋਏ ਅਤਿਵਾਦੀ ਹਮਲੇ ਦੀ 19ਵੀਂ ਬਰਸੀ ਮੌਕੇ ਦੇਸ਼ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਨਾਇਕਾਂ ਨੂੰ ਅੱਜ ਸੰਸਦੀ ਅਹਾਤੇ ਵਿੱਚ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼, ਸੰਸਦ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰਨ ਵਾਲੇ ਦਲੇਰ ਸ਼ਹੀਦਾਂ ਨੂੰ ਯਾਦ ਕਰਦਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ’ਚ ਕਿਹਾ ਕਿ ਦੇਸ਼ ਸੰਸਦ ’ਤੇ ਹੋਏ ਬੁਜ਼ਦਿਲਾਨਾ ਹਮਲੇ ਨੂੰ ਕਦੇ ਵੀ ਨਹੀਂ ਭੁੱਲੇਗਾ। ਸ੍ਰੀ ਮੋਦੀ ਨੇ ਕਿਹਾ, ‘ਅਸੀਂ ਅੱਜ ਦੇ ਦਿਨ 2001 ਵਿੱਚ ਹੋਏ ਇਸ ਕਾਇਰਾਨਾ ਹਮਲੇ ਨੂੰ ਕਦੇ ਨਹੀਂ ਭੁੱਲਾਂਗੇ। ਅਸੀਂ ਉਨ੍ਹਾਂ ਲੋਕਾਂ ਦੀ ਕੁਰਬਾਨੀ ਤੇ ਦਲੇਰੀ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਸਾਡੀ ਸੰਸਦ ਦੀ ਰਾਖੀ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਭਾਰਤ ਹਮੇਸ਼ਾ ਉਨ੍ਹਾਂ ਦਾ ਸ਼ੁਕਰਗੁਜ਼ਾਰ ਰਹੇਗਾ।’ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਦੇਸ਼ ਸ਼ਹੀਦਾਂ ਦਾ ਹਮੇਸ਼ਾ ਰਿਣੀ ਰਹੇਗਾ ਅਤੇ ਉਹ ਉਨ੍ਹਾਂ ਦੀ ਮਿਸਾਲੀ ਦਲੇਰੀ ਤੇ ਕੁਰਬਾਨੀ ਅੱਗੇ ਸਿਰ ਝੁਕਾਉਂਦੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਬਹਾਦਰੀ ਨੂੰ ਯਾਦ ਰੱਖਣਗੀਆਂ।
ਸੰਸਦੀ ਇਮਾਰਤ ਦੇ ਬਾਹਰ ਹੋਏ ਸੰਖੇਪ ਸ਼ਰਧਾਂਜਲੀ ਸਮਾਗਮ ਵਿੱਚ ਰਾਜ ਸਭਾ ਦੇ ਡਿਪਟੀ ਚੇਅਰਪਰਸਨ ਹਰੀਵੰਸ਼, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ, ਸਮਾਜਵਾਦੀ ਪਾਰਟੀ ਤੋਂਂ ਰਾਮ ਗੋਪਾਲ ਯਾਦਵ ਤੇ ਕਾਂਗਰਸ ਦੇ ਰਾਜੀਵ ਸ਼ੁਕਲਾ ਵੀ ਸ਼ਾਮਲ ਹੋੲੇ। ਇਸ ਦੌਰਾਨ ਹਾਜ਼ਰੀਨ ਨੇ ਸ਼ਹੀਦਾਂ ਦੇ ਸਨਮਾਨ ’ਚ ਕੁਝ ਮਿੰਟਾਂ ਲਈ ਮੌਨ ਵੀ ਰੱਖਿਆ। ਚੇਤੇ ਰਹੇ ਕਿ 19 ਸਾਲ ਪਹਿਲਾਂ 13 ਦਸੰਬਰ ਨੂੰ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਦੇ ਦਹਿਸ਼ਤਗਰਦਾਂ ਨੇ ਸੰਸਦ ’ਤੇ ਹਮਲਾ ਕਰਦਿਆਂ ਸੰਸਦੀ ਅਹਾਤੇ ਵਿੱਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਸੰਸਦ ਦੇ ਬਾਹਰ ਤਾਇਨਾਤ ਸੁਰੱਖਿਆ ਕਰਮੀਆਂ ਨੇ ਇਸ ਹਮਲੇ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਸਾਰੇ ਪੰਜ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ। ਹਾਲਾਂਕਿ ਇਸ ਪੂਰੇ ਅਪਰੇਸ਼ਨ ਦੌਰਾਨ ਦਿੱਲੀ ਪੁਲੀਸ ਦੇ ਪੰਜ ਜਵਾਨ, ਸੀਆਰਪੀਐੱਫ ਦੀ ਮਹਿਲਾ ਟਰੁਪਰ, ਸੰਸਦੀ ਸਟਾਫ਼ ਦੇ ਦੋ ਮੈਂਬਰਾਂ, ਇਕ ਮਾਲੀ ਤੇ ਇਕ ਫੋਟੋ ਪੱਤਰਕਾਰ ਦੀ ਜਾਨ ਜਾਂਦੀ ਰਹੀ ਸੀ।