ਮੁਕਾਬਲੇ ’ਚ ਦੋ ਪਾਕਿਸਤਾਨੀ ਅਤਿਵਾਦੀ ਹਲਾਕ

ਜੰਮੂ (ਸਮਾਜ ਵੀਕਲੀ) : ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੁਰਾਨਕੋਟ ਇਲਾਕੇ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਦੋ ਅਤਿਵਾਦੀ ਹਲਾਕ ਹੋ ਗਏ ਜਦਕਿ ਇੱਕ ਅਤਿਵਾਦੀ ਜਿਊਂਦਾ ਕਾਬੂ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਅਤਿਵਾਦੀ ਤਕਰੀਬਨ ਤਿੰਨ ਦਿਨ ਪਹਿਲਾਂ ਕੰਟਰੋਲ ਰੇਖਾ ਟੱਪ ਕੇ ਭਾਰਤੀ ਇਲਾਕੇ ’ਚ ਦਾਖਲ ਹੋਏ ਲੱਗਦੇ ਹਨ ਅਤੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵੱਲ ਜਾ ਰਹੇ ਸਨ ਪਰ ਬਰਫ਼ਬਾਰੀ ਕਾਰਨ ਇੱਥੇ ਫਸ ਗਏ।

ਉਨ੍ਹਾਂ ਕਿਹਾ ਕਿ ਇਹ ਅਤਿਵਾਦੀ ਲਸ਼ਕਰ-ਏ-ਤਾਇਬਾ ਤੇ ਜੈਸ਼-ਏ-ਮੁਹੰਮਦ ਦੇ ਸਾਂਝੇ ਗਰੁੱਪ ਨਾਲ ਸਬੰਧਤ ਹਨ ਅਤੇ ਇਹ ਇੱਥੇ ਚੱਲ ਰਹੀਆਂ ਜ਼ਿਲ੍ਹਾ ਵਿਕਾਸ ਕੌਂਸਲ (ਡੀਡੀਸੀ) ਚੋਣਾਂ ਦਾ ਅਮਲ ਪ੍ਰਭਾਵਿਤ ਕਰਨ ਦੇ ਮਕਸਦ ਨਾਲ ਦਾਖਲ ਹੋਏ ਸਨ। ਅਧਿਕਾਰੀਆਂ ਨੇ ਕਿਹਾ ਕਿ ਤਿੰਨ ਸ਼ੱਕੀ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਫੌਜ ਦੇ ਜਵਾਨਾਂ ਦੀ ਮਦਦ ਨਾਲ ਛੱਤਾਪਾਣੀ-ਦੁਗਰਣ ਪਿੰਡ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਲੁਕੇ ਹੋਏ ਅਤਿਵਾਦੀਆਂ ਨੇ ਘੇਰਾਬੰਦੀ ਤੋੜਨ ਦੀ ਕੋਸ਼ਿਸ਼ ਕਰਦਿਆਂ ਸੁਰੱਖਿਆ ਬਲਾਂ ਦੀਆਂ ਟੀਮਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮਾਰੇ ਗਏ ਦੋਵੇਂ ਅਤਿਵਾਦੀ ਪਾਕਿਸਤਾਨੀ ਨਾਗਰਿਕ ਲੱਗ ਰਹੇ ਹਨ ਪਰ ਅਜੇ ਉਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ।

Previous articleਸੰਸਦ ’ਤੇ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
Next articleਅਮਰੀਕਾ ’ਚ ਖਾਲਿਸਤਾਨ ਹਮਾਇਤੀਆਂ ਵੱਲੋਂ ਗਾਂਧੀ ਦੇ ਬੁੱਤ ਦੀ ਬੇਅਦਬੀ