ਸੰਵਿਧਾਨ ਦੀ ਭਾਵਨਾ ਦਰੜ ਕੇ ਧਾਰਾ 370 ਹਟਾਈ: ਤਿਵਾੜੀ

ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਰੱਦ ਕਰਨ ਤੋਂ ਬਾਅਦ ਕਸ਼ਮੀਰ ਦੇ ਮੌਜੂਦਾ ਹਾਲਾਤ ਅਤਿ ਸੰਵੇਦਨਸ਼ੀਲ ਹਨ ਜੋ ਕਿ ਕਿਸੇ ਵੀ ਸਮੇਂ ਭੜਕ ਸਕਦੇ ਹਨ। ਇਹ ਵਿਚਾਰ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਦਿਨ ‘ਧਾਰਾ 370 ਅਤੇ ਅਤਿਵਾਦ’ ਨੂੰ ਲੈ ਕੇ ਕਰਵਾਏ ਗਏ ਸੈਸ਼ਨ ’ਚ ਮਹਿਰਾਂ ਵੱਲੋਂ ਪੇਸ਼ ਕੀਤੇ ਗਏ। ਇਸ ਮੌਕੇ ਕਸ਼ਮੀਰ ਮਾਹਿਰਾਂ ਨੇ ਧਾਰਾ 370 ਨੂੰ ਰੱਦ ਕਰਨਾ ਗ਼ੈਰ ਸੰਵਿਧਾਨਿਕ ਦੱਸਦਿਆਂ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਧਾਰਾ ਭਾਰਤ ਦੇ ਜੰਮੂ ਕਸ਼ਮੀਰ ਨਾਲ ਸਬੰਧਾਂ ਨੂੰ ਮਜ਼ਬੂਤ ਕਰਦੀ ਹੈ।
ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਧਾਰਾ 370 ਨੂੰ ਸੰਵਿਧਾਨਕ ਢੰਗ ਨਾਲ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਰਗੇ ਸਿਆਸੀ ਕੈਦੀਆਂ ਨੂੰ ਜਲਦੀ ਰਿਹਾਅ ਕੀਤਾ ਜਾਵੇਗਾ। ਕਾਂਗਰਸ ਵੱਲੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਰਾਮ ਮਾਧਵ ਨੂੰ ਘੇਰਦਿਆਂ ਕਿਹਾ ਕਿ ਸੰਵਿਧਾਨ ਦੀ ਭਾਵਨਾ ਨੂੰ ਕੁਚਲ ਕੇ ਇੱਕ ਸੂਬੇ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਵੰਡ ਕੇ ਕੇਂਦਰ ਸਰਕਾਰ ਵੱਲੋਂ ਖ਼ਤਰਨਾਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤਿਵਾਦ ਦਾ ਇੱਕੋ ਝਟਕੇ ਵਿੱਚ ਸਫ਼ਾਇਆ ਕਰਨ ਦੇ ਦਾਅਵੇ ਦਾ ਅਸਲ ਕਾਰਨ ਪਾਕਿਸਤਾਨ ਦੀ ਵੰਡ ਤੇ ਬੰਗਲਾਦੇਸ਼ ਦੀ ਸਿਰਜਣਾ ਹੈ। ਸਾਡੇ ਦੁਸ਼ਮਣ ਗੁਆਂਢੀ ਨੇ ਹਮੇਸ਼ਾ ਭਾਰਤ ਨੂੰ ਹਜ਼ਾਰਾਂ ਜਖ਼ਮ ਦੇ ਕੇ ਖੂਨ ਵਹਾਉਣ ਦੀ ਨੀਤੀ ਅਪਣਾਈ ਹੈ।ਧਾਰਾ 370 ’ਤੇ ਹੋ ਰਹੀ ਵਿਚਾਰ ਚਰਚਾ ਦੌਰਾਨ ਆਰ ਐਂਡ ਏ.ਡਬਲਿਊ. ਦੇ ਸਾਬਕਾ ਮੁਖੀ ਏਐੱਸ ਦੁੱਲਟ ਅਤੇ ਸੀਨੀਅਰ ਪੱਤਰਕਾਰ ਮਨੋਜ ਜੋਸ਼ੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦਾ ਨਾਅਰਾ ਹੀ ਇਸ ਉਲਝੇ ਹੋਏ ਮਸਲੇ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਇਹ ਸੰਭਵ ਹੈ ਕਿ ਤੁਹਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਵਤਨ ’ਤੇ ਮਾਣ ਹੋਵੇ ਪਰ ਜੰਮੂ ਕਸ਼ਮੀਰ ’ਚ ਵਸਦੇ ਹਿੰਦੂਆਂ ਵਿੱਚ ਦੇਸ਼ ਦੇ ਦੂਜੇ ਹਿੱਸਿਆਂ ’ਚ ਵਸਦੇ ਹਿੰਦੂਆਂ ਨਾਲੋਂ ਵੱਖਰੀ ਧਾਰਮਿਕ ਭਾਵਨਾ ਹੈ। ਪੀਡੀਪੀ ਨਾਲ ਭਾਜਪਾ ਦੇ ਗੱਠਜੋੜ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਭਾਜਪਾ ਆਗੂ ਮਾਧਵ ਨੇ ਸਪੱਸ਼ਟ ਕੀਤਾ ਕਿ ਪੀਡੀਪੀ ਨਾਲ ਭਾਜਪਾ ਦਾ ਗੱਠਜੋੜ ਪੂਰੀ ਤਰ੍ਹਾਂ ਵਿਕਾਸ ਅਤੇ ਸੁਰੱਖਿਆ ਏਜੰਡੇ ਦੇ ਆਧਾਰ ’ਤੇ ਹੋਇਆ ਸੀ। ਮਹਿਬੂਬਾ ਮੁਫਤੀ ਨਾਲ ਡੇਢ ਸਾਲ ਕੰਮ ਕਰਨ ਤੋਂ ਬਾਅਦ, ਉਨ੍ਹਾਂ ਨੂੰ ਕਸ਼ਮੀਰ ਵਿੱਚ ਆਪਣੇ ਸੁਰੱਖਿਆ ਏਜੰਡੇ ਨੂੰ ਅੱਗੇ ਵਧਾਉਣ ਵਿੱਚ ਕੁਝ ਮੁਸ਼ਕਲਾਂ ਮਹਿਸੂਸ ਹੋਈਆਂ ਤਾਂ ਉਨ੍ਹਾ ਇੱਕ ਪਾਰਟੀ ਵਜੋਂ ਗੱਠਜੋੜ ਛੱਡਣ ਤੇ ਰਾਸ਼ਟਰਪਤੀ ਸ਼ਾਸਨ ਨੂੰ ਲਿਆਉਣ ਦਾ ਫੈਸਲਾ ਕੀਤਾ। ‘ਲੈਸਨਸ ਲਰਨਟ ਫਰਾਮ ਦਿ ਕਾਰਗਿਲ ਵਾਰ ਐਂਡ ਦੇਅਰ ਇੰਪਲੀਮੈਂਟੇਸ਼ਨ’ ਵਿਸ਼ੇ ’ਤੇ ਕਰਵਾਏ ਗਏ ਸੈਸ਼ਨ ਵਿੱਚ ਹਿੱਸਾ ਲੈਂਦਿਆਂ ਸੇਵਾਮੁਕਤ ਰੱਖਿਆ ਸਕੱਤਰ ਸ਼ੇਖਰ ਦੱਤ ਨੇ ਕਿਹਾ ਕਿ ਸਾਨੂੰ ਕੇਂਦਰੀ ਅਤੇ ਰਾਜ ਪੱਧਰ ’ਤੇ ਖੁਫ਼ੀਆ ਨੈਟਵਰਕ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਰੱਖਿਆ ਦੇਸ਼ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਜਨਰਲ ਜੇਐੱਸ ਚੀਮਾ ਨੇ ਕਿਹਾ ਕਿ 1999 ਦੀ ਕਾਰਗਿਲ ਜੰਗ ਤੋਂ ਬਾਅਦ, ਭਾਰਤੀ ਫੌਜ ਵਧੇਰੇ ਮਜ਼ਬੂਤ ਅਤੇ ਇਕਜੁੱਟ ਹੋਈ ਹੈ।

Previous articleਬੇਰੁਜ਼ਗਾਰ ਅਧਿਆਪਕਾਂ ਵੱਲੋਂ ਮਨਪ੍ਰੀਤ ਤੇ ਕਾਂਗੜ ਦੀਆਂ ਕੋਠੀਆਂ ਅੱਗੇ ਪ੍ਰਦਰਸ਼ਨ
Next articleਸਿੱਧਾਰਮਈਆ ਨੂੰ ਹਸਪਤਾਲ ਤੋਂ ਛੁੱਟੀ ਮਿਲੀ