ਬੇਰੁਜ਼ਗਾਰ ਅਧਿਆਪਕਾਂ ਵੱਲੋਂ ਮਨਪ੍ਰੀਤ ਤੇ ਕਾਂਗੜ ਦੀਆਂ ਕੋਠੀਆਂ ਅੱਗੇ ਪ੍ਰਦਰਸ਼ਨ

ਬਠਿੰਡਾ ਪਿਛਲੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਾਰਨ ਚਰਚਾ ‘ਚ ਆਏ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਮਗਰੋਂ ਉਨ੍ਹਾਂ ਦੇ ਨਿੱਜੀ ਸਹਾਇਕ ਨੂੰ ਮੰਗ-ਪੱਤਰ ਸੌਂਪਿਆ ਗਿਆ। ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਯੁੱਧਜੀਤ ਬਠਿੰਡਾ ਅਤੇ ਈਟੀਟੀ ਬੇਰੁਜ਼ਗਾਰ ਅਧਿਆਪਕ ਆਗੂ ਰਾਜ ਕੁਮਾਰ ਬੁਢਲਾਡਾ ਨੇ ਕਿਹਾ ਕਿ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਉੱਚ ਸਿੱਖਿਆ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ 18 ਦਸੰਬਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਦੀ ਮੰਗਾਂ ਦਾ ਏਜੰਡਾ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ 18 ਦਸੰਬਰ ਨੂੰ ਮਸਲਿਆਂ ਦਾ ਹੱਲ ਨਾ ਹੋਣ ‘ਤੇ 25 ਦਸੰਬਰ ਨੂੰ ਸੰਗਰੂਰ ਵਿੱਚ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਸੂਬਾਈ ਆਗੂ ਬਲਕਾਰ ਸਿੰਘ ਮਘਾਣੀਆ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ‘ਚ ਬੀਐੱਡ ਅਧਿਆਪਕਾਂ ਦੀ ਭਰਤੀ ਲਈ ਗ੍ਰੈਜੂਏਸ਼ਨ ‘ਚੋਂ 55 ਫੀਸਦੀ ਅਤੇ ਈਟੀਟੀ ਦੀ ਭਰਤੀ ਲਈ ਗ੍ਰੈਜੂਏਸ਼ਨ ਦੀ ਸ਼ਰਤ ਖਤਮ ਕਰਨਾ, ਬੀਐੱਡ ਦੀਆਂ 15 ਹਜ਼ਾਰ ਅਤੇ ਈਟੀਟੀ ਦੀਆਂ 12 ਹਜ਼ਾਰ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਵਾਉਣਾ, ਉਮਰ ਹੱਦ 37 ਤੋਂ 42 ਸਾਲ ਕਰਨਾ ਸ਼ਾਮਿਲ ਹੈ। ਇਸ ਮੌਕੇ ਐੱਸ ਐੱਸ ਏ ਰਮਸਾ ਯੂਨੀਅਨ ਦੇ ਹਰਜੀਤ ਜੀਦਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਤਾਰਾ ਚੰਦ ਬਰੇਟਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਸ਼ਿੰਗਾਰਾ ਸਿੰਘ ਮਾਨ, ਦਰਸ਼ਨ ਸਿੰਘ ਮਾਈਸਰਖਾਨਾ, ਪੰਜਾਬ ਕਿਸਾਨ ਯੂਨੀਅਨ ਵੱਲੋਂ ਗੁਰਜੰਟ ਸਿੰਘ ਬਾਲਿਆਂਵਾਲੀ, ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸੰਗੀਤਾ ਰਾਣੀ, ਡੀ. ਟੀ. ਐੱਫ ਪੰਜਾਬ ਵੱਲੋਂ ਰੇਸ਼ਮ ਸਿੰਘ, ਤਜਿੰਦਰ ਮਾਨਵਾਲਾ,ਹਰਵਿੰਦਰ ਸਿੰਘ, ਹਰਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਵੀਨ ਕੌਰ, ਕਮਲਜੀਤ ਕੌਰ, ਮਨਦੀਪ ਕੌਰ, ਸ਼ੰਕਰ ਬਰੇਟਾ ਅਤੇ ਬਲਵਿੰਦਰ ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ।

Previous articleਦੋ ਸੜਕ ਹਾਦਸਿਆਂ ਵਿੱਚ ਚਾਰ ਮੌਤਾਂ
Next articleਸੰਵਿਧਾਨ ਦੀ ਭਾਵਨਾ ਦਰੜ ਕੇ ਧਾਰਾ 370 ਹਟਾਈ: ਤਿਵਾੜੀ