ਜਲੰਧਰ (ਸਮਾਜ ਵੀਕਲੀ) – ਅੰਬੇਡਕਰਾਈਟ ਲੀਗਲ ਫੋਰਮ ਜਲੰਧਰ ਨੇ ਬੀ ਐਮ ਸੀ ਚੌਂਕ ਦਾ ਨਾਂ ਬਦਲ ਕੇ ਸੰਵਿਧਾਨ ਚੌਂਕ ਰੱਖਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਹੈ. ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਨੇ ਬੀ ਐਮ ਸੀ ਚੌਂਕ ਦਾ ਨਾਂ ‘ਸੰਵਿਧਾਨ ਚੌਂਕ’ ਰੱਖਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਹੈ.
ਅੰਬੇਡਕਰ ਭਵਨ ਟਰੱਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਅਤੇ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਮੀਤ ਪ੍ਰਧਾਨ ਚਰਨ ਦਾਸ ਸੰਧੂ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਇਸ ਚੌਂਕ ਦਾ ਨਾਂ ਬ੍ਰਿਟਿਸ਼ ਮੋਟਰ ਕਾਰ ਕੰਪਨੀ ਦੇ ਨਾਂ ਤੇ ਰੱਖਿਆ ਗਿਆ ਸੀ ਕਿਓਂਕਿ ਇਸ ਕੰਪਨੀ ਦਾ ਦਫਤਰ ਚੌਂਕ ਦੇ ਬਿਲਕੁਲ ਨਾਲ ਸੀ. ਬ੍ਰਿਟਿਸ਼ ਮੋਟਰ ਕਾਰ ਕੰਪਨੀ ਦੇ ਦਫਤਰ ਦਾ ਨਾਮੋ ਨਿਸ਼ਾਨ ਤਕਰੀਬਨ 30 – 35 ਸਾਲ ਪਹਿਲਾਂ ਤੋਂ ਹੀ ਖਤਮ ਹੋ ਚੁੱਕਾ ਹੈ ਅਤੇ ਇਸ ਕੰਪਨੀ ਦਾ ਵੀ ਜਲੰਧਰ ਸ਼ਹਿਰ ‘ਚ ਕੋਈ ਅਤਾ ਪਤਾ ਨਹੀਂ ਹੈ.
ਇਹ ਸ਼ਹਿਰ ਦਾ ਮੇਨ ਚੌਂਕ ਹੈ ਜਿਸ ਤੋਂ 6 ਪਾਸੇ ਰਸਤਾ ਜਾਂਦਾ ਹੈ. ਜਿਲਾ ਕਚਹਿਰੀਆਂ, ਸੈਸ਼ਨ ਕੋਰਟ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਇਸ ਚੌਂਕ ਤੋਂ ਕੁਛ ਹੀ ਮੀਟਰਾਂ ਦੀ ਦੂਰੀ ਤੇ ਹਨ. ਸਾਡੇ ਦੇਸ਼ ਭਾਰਤ ਦਾ ਸੰਵਿਧਾਨ ਕਈ ਤਰੀਕਿਆਂ ਨਾਲ ਵੱਖਰਾ ਅਤੇ ਵਿਲੱਖਣ ਹੈ, ਸਾਡੇ ਆਪਣੇ ਦੇਸ਼ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਿਸ਼ਵ ਦੇ ਹੋਰ ਸੰਵਿਧਾਨਾਂ ਦੀਆਂ ਸਭ ਤੋਂ ਵਧੀਆ ਵਿਸ਼ੇਸ਼ਤਾਵਾਂ ਨੂੰ ਇਕੱਠਾ ਕਰਦਾ ਅਤੇ ਅਨੁਕੂਲਿਤ ਕਰਦਾ ਹੈ. ਇਸ ਲਈ ਇਹ ਵਾਜਬ ਹੈ ਕਿ ਇਸ ਚੌਂਕ ਦਾ ਨਾਂ ‘ਸੰਵਿਧਾਨ ਚੌਂਕ’ ਰੱਖਿਆ ਜਾਵੇ ਇਸ ਮੌਕੇ ਐਡਵੋਕੇਟ ਕੁਲਦੀਪ ਭੱਟੀ, ਸੋਹਨ ਲਾਲ ਸਾਬਕਾ ਡੀ ਪੀ ਆਈ (ਕਾਲਿਜਾਂ), ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਮੋਹਨ ਲਾਲ ਫਿਲ਼ੌਰੀਆ ਅਤੇ ਐਡਵੋਕੇਟ ਰਾਜਿੰਦਰ ਕੁਮਾਰ ਆਜ਼ਾਦ ਹਾਜਰ ਸਨ.