ਏਹੁ ਹਮਾਰਾ ਜੀਵਣਾ ਹੈ -523

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)- ਗੁਰਮੇਲ ਘਰ ਵਿੱਚ ਇਕੱਲਾ ਕਮਾਉਣ ਵਾਲ਼ਾ ਸੀ। ਉਹ ਸ਼ਹਿਰ ਵਿੱਚ ਇੱਕ ਦੁਕਾਨ ਉੱਤੇ ਨੌਕਰੀ ਕਰਦਾ ਸੀ।ਉਸ ਨੂੰ ਤਨਖਾਹ ਵੀ ਥੋੜ੍ਹੀ ਹੀ ਮਿਲਦੀ ਸੀ। ਤਿੰਨ ਜਵਾਕਾਂ ਦੀ ਪੜ੍ਹਾਈ ਤੇ ਬਜ਼ੁਰਗ ਮਾਪਿਆਂ ਦੀ ਦਵਾਈ ਬੂਟੀ ਦਾ ਖਰਚਾ,ਦਿਨ ਤਿਉਹਾਰ ਤੇ ਦੋ ਭੈਣਾਂ ਕੋਲ਼ ਜਾਣਾ,ਕਦੇ ਭੈਣਾਂ ਨੇ ਦੋ – ਚਾਰ ਦਿਨ ਪੇਕੇ ਮਿਲ਼ਣ ਆਉਣ ਦੇ ਬਹਾਨੇ ਰਹਿ ਜਾਣਾ, ਪ੍ਰਾਹੁਣਿਆਂ ਦੀ ਖਾਤਿਰਦਾਰੀ,ਹੋਰ ਸੌ ਖ਼ਰਚੇ ਆ ਜਾਣੇ ,ਇਸ ਤਰ੍ਹਾਂ ਉਸ ਦੀ ਤਨਖ਼ਾਹ ਅਤੇ ਚਾਰ ਕਿੱਲੇ ਜ਼ਮੀਨ ਦਾ ਠੇਕਾ ਮਿਲਾ ਕੇ ਘਰ ਦਾ ਗੁਜ਼ਾਰਾ ਤੁਰੀ ਜਾਂਦਾ ਸੀ । ਉਸ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਉਹ ਆਪਣੇ ਮਾਂ ਬਾਪ ਦੀ ਬੁਢਾਪਾ ਪੈਨਸ਼ਨ ਵੀ ਲਵਾ ਲਵੇ ਤਾਂ ਉਸ ਨੂੰ ਹੰਭਲਾ ਲੱਗ ਜਾਇਆ ਕਰੇਗਾ। ਉਸ ਦੇ ਦੋਸਤ ਦੀ ਕੁੜੀ ਬੈਂਕ ਵਿੱਚ ਲੱਗੀ ਹੋਈ ਸੀ।ਉਸ ਦੀ ਮਦਦ ਨਾਲ ਉਸ ਨੇ ਆਪਣੇ ਮਾਂ ਪਿਓ ਦੀ ਪੈਨਸ਼ਨ ਲਗਵਾਉਣ ਲਈ ਫ਼ਾਰਮ ਭਰ ਕੇ ਦੇ ਦਿੱਤੇ ਤੇ ਕੁੜੀ ਨੇ ਮਾੜਾ ਮੋਟਾ ਕਹਿ ਸੁਣ ਕੇ ਪਹਿਲ ਦੇ ਆਧਾਰ ਤੇ ਗੁਰਮੇਲ ਦਾ ਕੰਮ ਕਰਵਾ ਦਿੱਤਾ ਤੇ ਉਸ ਦੇ ਮਾਂ ਪਿਓ ਨੂੰ ਪੂਰੇ ਅੱਠ ਸੌ ਰੁਪਏ ਪੈਨਸ਼ਨ ਲੱਗ ਗਈ।

                ਪਹਿਲਾਂ ਪਹਿਲ ਤਾਂ ਗੁਰਮੇਲ ਦੇ ਮਾਂ ਪਿਓ ਦੀ ਸਿਹਤ ਠੀਕ ਸੀ , ਇਸ ਕਰਕੇ ਪੈਨਸ਼ਨ ਲੈਣ ਦੋਵੇਂ ਸਾਇਕਲ ਤੇ ਚਲੇ ਜਾਂਦੇ। ਅੱਠ ਸੌ ਰੁਪਏ ਨਾਲ ਉਸ ਦੇ ਮਾਂ ਪਿਓ ਦੀ ਦਵਾਈ ਬੂਟੀ ਦਾ ਖਰਚਾ ਨਿਕਲ਼ ਜਾਂਦਾ। ਫੇਰ ਬਾਪੂ ਦੀ ਨਿਗ੍ਹਾ ਘਟਣੀ ਸ਼ੁਰੂ ਹੋ ਗਈ ਸੀ ਤੇ ਡਾਕਟਰ ਦੇ ਚੈੱਕ ਕਰਵਾਉਣ ਤੇ ਪਤਾ ਲੱਗਿਆ ਕਿ ਉਸ ਦੇ ਮੋਤੀਆ ਉਤਰ ਆਇਆ ਸੀ। ਗੁਰਮੇਲ ਦੀ ਬੀਬੀ ਵੀ ਗੋਡਿਆਂ ਦੇ ਦੁਖਣ ਕਰਕੇ ਤੁਰਨ ਫਿਰਨ ਵਿੱਚ ਪਹਿਲਾਂ ਵਾਂਗ ਤਕੜੀ ਨਹੀਂ ਰਹੀ ਸੀ। ਹੁਣ ਜਿਸ ਦਿਨ ਪੈਨਸ਼ਨ ਲੈਣ ਜਾਣਾ ਹੁੰਦਾ ਤਾਂ ਗੁਰਮੇਲ ਨੂੰ ਛੁੱਟੀ ਕਰਨੀ ਪੈਂਦੀ। ਬੈਂਕ ਵਾਲਿਆਂ ਨੇ ਬੁਢਾਪਾ ਪੈਨਸ਼ਨ ਵਾਲਿਆਂ ਦਾ ਇੱਕ ਦਿਨ ਨਿਸ਼ਚਿਤ ਕੀਤਾ ਹੋਇਆ ਸੀ। ਉਸ ਦਿਨ ਗੁਰਮੇਲ ਨੇ ਪਹਿਲਾਂ ਪਿਓ ਨੂੰ ਸਕੂਟਰ ਤੇ ਬਿਠਾ ਕੇ ਬੈਂਕ ਛੱਡ ਆਉਣਾ ਤੇ ਫਿਰ ਬੀਬੀ ਨੂੰ ਲੈ ਕੇ ਜਾਣਾ। ਗੁਰਮੇਲ ਨੇ ਹੱਸਦਿਆਂ ਘਰੇ ਗੱਲ ਕਰਨੀ,” ਜਦ ਮੈਂ ਬੈਂਕ ਬੀਬੀ ਤੇ ਭਾਪਾ ਜੀ ਨੂੰ ਲੈ ਕੇ ਜਾਂਦਾਂ…… ਮੈਨੂੰ ਤਾਂ ਆਏਂ ਲੱਗਦਾ ਜਿਵੇਂ ਮੈਂ ਕਿਸੇ ਦੇ ਮਰਨੇ ਤੇ ਗਿਆ ਹੋਵਾਂ……. ਸਾਰੇ ਪਾਸੇ ਚਿੱਟੀਆਂ ਚੁੰਨੀਆਂ ਵਾਲ਼ੀਆਂ ਬੁੱਢੀਆਂ ਤੇ ਚਿੱਟੇ ਕੁੜਤੇ ਪਜਾਮੇ ਵਿੱਚ ਬੁੱਢੇ ਬੈਂਕ ਮੂਹਰੇ ਬੈਠੇ……. ਆਏਂ ਲੱਗਦੇ ਨੇ ਜਿਵੇਂ ਮਕਾਣ ਆਈ ਹੋਵੇ।” ਸਾਰਿਆਂ ਨੇ ਉਸ ਦੀ ਗੱਲ ਸੁਣ ਕੇ ਹੱਸ ਪੈਣਾ।
              ਜਿਸ ਦਿਨ ਗੁਰਮੇਲ ਦੇ ਮਾਂ ਪਿਓ ਨੂੰ ਪੈਨਸ਼ਨ ਮਿਲਣੀ ਹੁੰਦੀ ਸੀ,ਉਸ ਦਾ ਉਹ ਸਾਰਾ ਦਿਨ ਫੁੱਟ ਜਾਂਦਾ ਸੀ, ਨਾਲ਼ੇ ਸਾਰਾ ਦਿਨ ਬੁੱਢੇ ਬੀਮਾਰ ਮਾਪਿਆਂ ਦੀ ਖੱਜਲ ਖੁਆਰੀ ਹੁੰਦੀ ਸੀ। ਕਈ ਵਾਰ ਤਾਂ ਸਾਰਾ ਦਿਨ ਬੈਠ ਕੇ ਵੀ ਵਾਰੀ ਨਾ ਆਉਣੀ ਤਾਂ ਬੈਂਕ ਵਾਲਿਆਂ ਨੇ ਸ਼ਾਮ ਨੂੰ ਬਾਹਰ ਤਾਲਾ ਲਮਕਾ ਕੇ ਆਖ ਦੇਣਾ ਕਿ ਜਿਹੜੇ ਬਚ ਗਏ ਅਗਲੇ ਵੀਰਵਾਰ ਆਇਓ।ਇਸ ਤਰ੍ਹਾਂ ਅੱਠ ਸੌ ਰੁਪਏ ਪੈਨਸ਼ਨ ਲੈਣ ਖਾਤਰ ਗੁਰਮੇਲ ਨੂੰ ਆਪਣੀ ਪੰਜ ਪੰਜ ਸੌ ਦੀਆਂ ਦੋ ਦਿਹਾੜੀਆਂ ਦੇ ਪੈਸੇ ਕਟਵਾਉਣੇ ਪੈਂਦੇ। ਹੁਣ ਤਾਂ ਉਸ ਦੀਆਂ ਦੋ ਧੀਆਂ ਵੀ ਵਿਆਹੀਆਂ ਗਈਆਂ ਸਨ। ਘਰ ਦਾ ਖਰਚਾ ਵੀ ਵਧੀਆ ਚੱਲੀ ਜਾਂਦਾ ਸੀ। ਇੱਕ ਦਿਨ ਉਸ ਨੇ ਅੱਕੇ ਹੋਏ ਨੇ ਉਸ ਬੈਂਕ ਵਾਲ਼ੀ ਕੁੜੀ ਕੋਲ ਜਾ ਕੇ ਆਖਿਆ,”ਭਾਈ ਬੀਬਾ……ਜਿਹੜੀ ਤੂੰ ਸਾਡੇ ਬੀਬੀ ਤੇ ਭਾਪਾ ਜੀ ਨੂੰ ਪੈਨਸ਼ਨ ਲਵਾਈ ਸੀ …… ਉਹ ਕੱਟ ਦੇ….. ਅਸੀਂ ਨੀ ਹੁਣ ਲੈਣੀ।” ਪਰ ਬੈਂਕ ਵਾਲ਼ੀ ਕੁੜੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ,” ਅੰਕਲ ਜੀ,ਜੇ ਚਾਰ ਪੈਸੇ ਘਰ ਆਉਂਦੇ ਹਨ ਤਾਂ ਲਾਹੇ ਦੇ ਹੀ ਹਨ…..ਇਸ ਤਰ੍ਹਾਂ ਮੈਂ ਕਿਵੇਂ ਕਟਵਾ ਦੇਵਾਂ ਓਹਨਾ ਦੀ ਪੈਨਸ਼ਨ?…… ਉਸ ਲਈ ਤਾਂ ਤੁਹਾਨੂੰ ਮੈਨੇਜਰ ਨੂੰ ਲਿਖ ਕੇ ਦੇਣਾ ਪਵੇਗਾ। ” ਗੁਰਮੇਲ ਨੇ ਕੁੜੀ ਨੂੰ ਆਪਣੀ ਮਜ਼ਬੂਰੀ ਦੱਸਦੇ ਹੋਏ ਉਸ ਤੋਂ ਹੀ ਅਰਜ਼ੀ ਲਿਖਵਾ ਕੇ ਮੈਨੇਜਰ ਨੂੰ ਦੇ ਦਿੱਤੀ ਤੇ ਕੁੜੀ ਨੇ ਆਪਣੇ ਪਿਤਾ ਦਾ ਦੋਸਤ ਹੋਣ ਦੇ ਨਾਤੇ ਗੁਰਮੇਲ ਦਾ ਪਹਿਲ ਦੇ ਅਧਾਰ ਤੇ ਕੰਮ ਕਰਵਾ ਦਿੱਤਾ। ਹੁਣ ਗੁਰਮੇਲ ਇਸ ਪੈਨਸ਼ਨ ਵਾਲੇ ਝਮੇਲੇ ਤੋਂ ਸੁਰਖ਼ਰੂ ਹੋ ਕੇ ਬਹੁਤ ਖੁਸ਼ ਸੀ। ਇਸ ਤਰ੍ਹਾਂ ਆਪਣੇ ਬਜ਼ੁਰਗ ਮਾਪਿਆਂ ਨੂੰ ਸਰਕਾਰ ਤੋਂ ਮਿਲ਼ਣ ਵਾਲੇ ਪੈਸਿਆਂ ਦੇ ਲਾਲਚ ਤੋਂ ਵੱਧ ਉਹਨਾਂ ਦੀ ਅਤੇ ਆਪਣੀ ਖੇਚਲ਼ ਘਟਾਉਣਾ ਉਸ ਦੀ ਅਕਲਮੰਦੀ ਸੀ। ਇਹੋ ਜਿਹੀ ਸਮਝਦਾਰੀ ਵਰਤ ਕੇ ਜ਼ਿੰਦਗੀ ਵਿੱਚ ਆਪਣੇ ਬਜ਼ੁਰਗਾਂ ਦੀ ਸੁੱਖ ਸਹੂਲਤ ਦਾ ਧਿਆਨ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article*ਜ਼ਿਲ੍ਹਾ ਅਧਿਕਾਰੀਆਂ ਦੀ ਸੈਂਟਰ ਸਕੂਲ ਮੁਖੀਆ ਨਾਲ ਹੋਈ ਅਹਿਮ ਮੀਟਿੰਗ*
Next articleਗਾਇਕ ਜਸਪਾਲ ਸੰਧੂ ਦੇ ਧਾਰਮਿਕ ਗੀਤ ‘ਜੋ ਬੋਲੇ ਸੋ ਨਿਰਭੈ’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ