ਨਵੀਂ ਦਿੱਲੀ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਵਾਮਿਤਵ’ ਯੋਜਨਾ ਤਹਿਤ ਵੀਡੀਓ ਕਾਨਫਰੰਸਿੰਗ ਰਾਹੀਂ ਸੰਪਤੀ ਕਾਰਡਾਂ ਨੂੰ ਵੰਡਣ ਦੀ ਅੱਜ ਤੋਂ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਗ੍ਰਾਮੀਣ ਭਾਰਤ ਨੂੰ ਬਦਲਣ ਵਾਲਾ ‘ਇਤਿਹਾਸਕ ਕਦਮ’ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲ ਨਾਲ ਪਿੰਡਾਂ ਦੇ ਲੋਕ ਆਪਣੀ ਜ਼ਮੀਨ ਅਤੇ ਸੰਪਤੀ ਨੂੰ ਪੂੰਜੀ ਵਜੋਂ ਵਰਤ ਸਕਣਗੇ ਜਿਸ ਦੇ ਇਵਜ਼ ’ਚ ਉਹ ਬੈਂਕਾਂ ਤੋਂ ਕਰਜ਼ ਅਤੇ ਹੋਰ ਵਿੱਤੀ ਲਾਭ ਉਠਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ’ਚ ਜ਼ਮੀਨੀ ਵਿਵਾਦ ਵੀ ਖ਼ਤਮ ਹੋਣਗੇ।
ਯੋਜਨਾ ਦੇ ਕਈ ਲਾਭਪਾਤਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਮੁਲਕ ਨੂੰ ਆਤਮ-ਨਿਰਭਰ ਬਣਾਉਣ ਦੀ ਦਿਸ਼ਾ ਵੱਲ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਰਹਿ ਰਹੇ ਨੌਜਵਾਨ ਹੁਣ ਆਪਣੀ ਸੰਪਤੀ ਦੇ ਆਧਾਰ ’ਤੇ ਬੈਂਕਾਂ ਤੋਂ ਕਰਜ਼ ਲੈ ਸਕਦੇ ਹਨ। ਯੋਜਨਾ ਛੇ ਸੂਬਿਆਂ ਦੇ 763 ਪਿੰਡਾਂ ’ਚ ਲਾਗੂ ਕੀਤੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਂਦੇ ਤਿੰਨ-ਚਾਰ ਸਾਲਾਂ ’ਚ ਹਰ ਪਰਿਵਾਰ ਨੂੰ ਅਜਿਹੇ ਸੰਪਤੀ ਕਾਰਡ ਦੇਣ ਦੀ ਕੋਸ਼ਿਸ਼ ਕਰੇਗੀ।
ਪ੍ਰਧਾਨ ਮੰਤਰੀ ਨੇ ਅੱਜ ‘ਲੋਕਨਾਇਕ’ ਜੈਪ੍ਰਕਾਸ਼ ਨਾਰਾਇਣ ਅਤੇ ਆਰਐੱਸਐੱਸ ਦੇ ਵਿਚਾਰਕ ਨਾਨਾਜੀ ਦੇਸ਼ਮੁਖ ਦੀ ਜਯੰਤੀ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਦੋਵੇਂ ਆਗੂਆਂ ਵੱਲੋਂ ਪਿੰਡਾਂ ਦੇ ਸ਼ਕਤੀਕਰਨ ਲਈ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਦੇਸ਼ਮੁਖ ਨੇ ਕਿਹਾ ਸੀ ਕਿ ਜਦੋਂ ਤੱਕ ਪਿੰਡਾਂ ਦੇ ਲੋਕ ਝਗੜਿਆਂ ’ਚ ਘਿਰੇ ਰਹਿਣਗੇ, ਉਹ ਨਾ ਆਪਣਾ ਵਿਕਾਸ ਕਰ ਸਕਣਗੇ ਅਤੇ ਨਾ ਹੀ ਸਮਾਜ ਦੇ ਵਿਕਾਸ ’ਚ ਭੂਮਿਕਾ ਨਿਭਾ ਸਕਣਗੇ।