ਵੇਈਂ ਵਿੱਚ ਚੂਨਾ ਤੇ ਆਕਸੀਜਨ ਦੀਆਂ ਗੋਲੀਆਂ ਪਾਈਆਂ ਗਈਆਂ
ਵੇਈਂ ਦੇ ਪਾਣੀ ਦਾ ਪੀਐਚ ਘੱਟ ਕੇ ਰਹਿ ਗਿਆ ਪੰਜ ਜਦ ਕਿ ਸੱਤ ਤੋਂ ਵੱਧ ਦੀ ਸੀ ਲੋੜ
ਸੁਲਤਾਨਪੁਰ ਲੋਧੀ ਨਕੋਦਰ ਮਹਿਤਪੁਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਗੰਦੇ ਪਾਣੀਆਂ ਦੀ ਬਹੁਤਾਤ ਕਾਰਨ ਪਵਿੱਤਰ ਕਾਲੀ ਵੇਈਂ ਵਿੱਚ ਮਰ ਰਹੀਆਂ ਮੱਛੀਆਂ ਨੂੰ ਬਚਾਉਣ ਲਈ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰਾਂ ਨੇ ਆਪਣੇ ਪੱਧਰ ‘ਤੇ ਯਤਨ ਆਰੰਭ ਦਿੱਤੇ ਹਨ।ਵੇਈਂ ਦੇ ਨਾਲ ਲੱਗਦੀਆਂ ਮੋਟਰਾਂ ਚਲਾ ਕੇ ਸਾਫ਼ ਪਾਣੀ ਪਾਇਆ ਜਾ ਰਿਹਾ ਹੈ ਤਾਂ ਜੋ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਵੱਧ ਸਕੇ।ਵੇਈਂ ਵਿੱਚ ਗੰਦੇ ਪਾਣੀ ਦੀ ਬਹੁਤਾਤ ਇਸ ਕਦਰ ਹੋ ਗਈ ਹੈ ਕਿ ਪਾਣੀ ਵਿੱਚ ਆਕਸੀਜਨ ਘੱਟਣ ਕਾਰਨ ਮੱਛੀਆਂ ਨੂੰ ਸਾਹ ਲੈਣਾ ਔਖਾ ਹੋਇਆ ਪਿਆ।
ਇਸੇ ਕਰਕੇ ਮੱਛੀਆਂ ਤਫੜ-ਤਫੜ ਕੇ ਮਰ ਰਹੀਆਂ ਹਨ।ਮੱਛੀ ਪਾਲਣ ਵਾਲੇ ਮਾਹਰਾਂ ਦੀ ਰਾਏ ਲੈਂਦਿਆ ਸੰਤ ਸੀਚੇਵਾਲ ਨੇ ਹੁਸ਼ਿਆਰਪੁਰ ਤੋਂ ਵਿਸ਼ੇਸ਼ ਜਾਂਚ ਟੀਮ ਨੂੰ ਸੱਦਿਆ ਸੀ। ਇਸ ਟੀਮ ਦੇ ਮਾਹਰ ਮੈਂਬਰ ਅਰਵਿੰਦਰ ਸਿੰਘ ਨੇ ਵੇਈਂ ਦਾ ਪਾਣੀ ਜਾਂਚਣ ਤੋਂ ਬਾਅਦ ਦੱਸਿਆ ਕਿ ਪਾਣੀ ਵਿੱਚ ਪੀਐਚ ਦੀ ਮਾਤਰਾ ਸਿਰਫ 5 ਰਹਿ ਗਈ ਹੈ ਜਿਹੜੀ ਕਿ ਸੱਤ ਤੋਂ ਹਮੇਸ਼ਾਂ ਹੀ ਵੱਧ ਚਾਹੀਦੀ ਹੈ।ਪਾਣੀ ਵਿੱਚ ਅਮੋਨੀਆ ਦਾ ਪੱਧਰ ਵੀ ਵਧਿਆ ਹੋਇਆ ਹੈ।
ਮੱਛੀਆਂ ਨੂੰ ਬਚਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਵੇਈਂ ਵਿੱਚ ਚੂਨਾ, ਆਕਸੀਜਨ ਵਾਲੀਆਂ ਗੋਲੀਆਂ, ਬਾਹਰੋਂ ਮੋਟਰਾਂ ਦਾ ਪਾਣੀ ਤੇ ਵੇਈਂ ਵਿੱਚ ਪਾਣੀ ਦੀ ਹਲਚੱਲ ਵਧਾਉਣ ਦੇ ਉਪਰਾਲੇ ਕੀਤੇ ਗਏ ਤਾਂ ਜੋ ਕੋਈ ਵੀ ਟੋਟਕਾ ਮੱਛੀਆਂ ਦੀ ਜਾਨ ਬਚਾਉਣ ਲਈ ਸਹਾਈ ਹੋ ਸਕੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਵੇਈਂ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਚਾਰ-ਪੰਜ ਵਾਰ ਮੱਛੀਆਂ ਮਰ ਚੁੱਕੀਆਂ ਹਨ। ਇੱਕ ਵਾਰ ਤਾਂ ਏਨੀਆਂ ਜ਼ਿਆਦਾ ਮੱਛੀਆਂ ਮਰੀਆਂ ਸਨ ਕਿ ਟਰਾਲੀਆਂ ਭਰ-ਭਰ ਕੇ ਬਾਹਰ ਕੱਢੀਆਂ ਸਨ।ਉਨ੍ਹਾਂ ਕਿਹਾ ਕਿ ਜਲਚਰ ਜੀਵਨ ਵਾਤਾਵਰਨ ਦਾ ਸਤੁਲੰਨ ਬਣਾਈ ਰੱਖਣ ਵਿੱਚ ਸਹਾਈ ਹੁੰਦੇ ਹਨ, ਪਹਿਲਾਂ ਸਤਲੁਜ ਦਰਿਆ ਨੂੰ ਪਲੀਤ ਕਰਕੇ ਉਸ ਵਿੱਚੋਂ ਅਨੇਕਾਂ ਪ੍ਰਕਾਰ ਦੇ ਜਲਚਰ ਜੀਵਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ।
ਪਵਿੱਤਰ ਵੇਈਂ ਪੰਜਾਬ ਅਤੇ ਦੇਸ਼ ਲਈ ਇੱਕ ਮਾਡਲ ਵੱਜੋਂ ਸਥਾਪਿਤ ਹੋਈ ਸੀ ਪਰ ਪ੍ਰਸ਼ਾਸ਼ਨਿਕ ਲਾਪ੍ਰਵਾਹੀ ਸੰਗਤਾਂ ਦੀ ਅਣਥੱਕ ਮਿਹਨਤ ਨੂੰ ਮਿੱਟੀ ਘੱਟੇ ਰੋਲਣਾ ਚਹੁੰਦੀ ਹੈ ਜਿਸ ਨੂੰ ਸੰਗਤਾਂ ਕਦੇਂ ਵੀ ਬਰਦਾਸ਼ਤ ਨਹੀਂ ਕਰਨਗੀਆਂ ਕਿਉਂਕਿ ਇਹ ਧਾਰਮਿਕ ਆਸਥਾ ਦਾ ਕੇਂਦਰ ਹੈ। ਇਹ ਗੁਰਬਾਣੀ ਦਾ ਆਗਮਨ ਅਸਥਾਨ ਹੈ।ਉਨ੍ਹਾਂ ਕਿਹਾ ਕਿ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਡੇ ਪੱਧਰ ‘ਤੇ ਨੀਤੀ ਬਣਾਏ। ਸੰਤ ਸੀਚੇਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਉਨ੍ਹਾਂ ਨੂੰ ਫੋਨ ਕਰਕੇ ਵੇਈਂ ਵਿੱਚ ਪਾਣੀ ਬਾਰੇ ਪੁੱਛਿਆ ਸੀ ।ਸੰਤ ਸੀਚੇਵਾਲ ਨੇ ਦੱਸਿਆ ਕਿ ਵੇਈਂ ਵਿੱਚ ਤੁਰੰਤ 250 ਕਿਊਸਿਕ ਪਾਣੀ ਨਾ ਛੱਡਿਆ ਗਿਆ ਤਾਂ ਸਥਿਤੀ ਹੋਰ ਵੀ ਵਿਗੜ ਜਾਵੇਗੀ।