ਜਲੰਧਰ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) : ਬੀਤੇ ਦਿਨੀਂ ਹਰਿਆਣਾ ’ਚ ਕਰਨਾਲ ਦੇ ਸੀਂਘੜਾ ਪਿੰਡ ਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਕਿਸਾਨੀ ਹੱਕਾਂ ਲਈ ਆਪਣੀ ਜਾਨ ਦੇ ਦਿੱਤੀ। ਉਹ ਦਿੱਲੀ ਵਿਖੇ ਕਿਸਾਨ ਅੰਦੋਲਨ ’ਚ ਸ਼ਾਮਲ ਸਨ। ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਨਾਲ ਪਿੰਡ ਸੀਂਘੜਾ ’ਚ ਮਾਤਮ ਦਾ ਮਾਹੌਲ ਪਸਰ ਗਿਆ ਹੈ। ਸੰਤ ਬਾਬਾ ਰਾਮ ਸਿੰਘ ਜੀ ਦਾ ਸਰੀਰ ਸੀਂਘੜਾ ਪਿੰਡ ਦੇ ਨਾਨਕਸਰ ਗੁਰਦੁਆਰਾ ਸਾਹਿਬ ’ਚ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ ਤੇ ਕੱਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਸੰਤ ਬਾਬਾ ਰਾਮ ਸਿੰਘ ਜੀ ਦੀ ਮੌਤ ਕਰਕੇ ਪੰਜਾਬੀ ਕਲਾਕਾਰ ਵੀ ਸਦਮੇ ’ਚ ਹਨ ਤੇ ਉਨ੍ਹਾਂ ਵਲੋਂ ਵੀ ਸੋਸ਼ਲ ਮੀਡੀਆ ਰਾਹੀਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਪੰਜਾਬੀ ਅਦਾਕਾਰ ਦੇਵ ਖਰੌੜ ਵਲੋਂ ਵੀ ਇਸ ਸਬੰਧੀ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ 17 ਦਸੰਬਰ ਭਾਵ ਅੱਜ ਬਲੈਕ-ਆਊਟ ਕਰਨ ਦੀ ਬੇਨਤੀ ਕੀਤੀ ਹੈ।
ਦੇਵ ਖਰੌੜ ਨੇ ਜੋ ਤਸਵੀਰ ਸਾਂਝੀ ਕੀਤੀ ਹੈ, ਉਸ ’ਚ ਲਿਖਿਆ ਹੈ, ‘ਇਹ ਖੁਦਕੁਸ਼ੀ ਨਹੀਂ ਇਕ ਬੇਰਹਿਮ ਸਰਕਾਰ ਵਲੋਂ ਕੀਤਾ ਗਿਆ ਇਕ ਨੇਕ-ਹਿਰਦੇ ਮਨੁੱਖ ਦਾ ਕਤਲ ਹੈ। ਆਓ ਇਸ ਦਾ ਵਿਰੋਧ ਪ੍ਰਗਟ ਕਰੀਏ ਤੇ ਤਾਨਾਸ਼ਾਹ ਮੋਦੀ ਸਰਕਾਰ ਵਲੋਂ ਕੀਤੇ ਗਏ ਬਾਬਾ ਰਾਮ ਸਿੰਘ ਸੀਂਘੜੇ ਵਾਲਿਆਂ ਦੇ ਸਿਆਸੀ ਕਤਲ ਦੇ ਰੋਸ ਵਜੋਂ ਮਿਤੀ 17 ਦਸੰਬਰ ਸ਼ਾਮ 8 ਤੋਂ 8:10 ਵਜੇ ਤਕ 10 ਮਿੰਟਾਂ ਲਈ ਸਭ ਕਿਤੇ ਮੁਕੰਮਲ ਬਲੈਕ-ਆਊਟ ਕਰੀਏ।’
ਦੇਵ ਖਰੌੜ ਦੀ ਇਸ ਪੋਸਟ ’ਚ ਅੱਗੇ ਲਿਖਿਆ ਹੈ, ‘ਜੇ ਤੁਹਾਨੂੰ ਉਨ੍ਹਾਂ ਦੀ ਮੌਤ ਦਾ ਅਫਸੋਸ ਹੈ। ਜੇ ਤੁਹਾਡੇ ਅੰਦਰ ਕਿਰਤੀ-ਕਿਸਾਨ ਸੰਘਰਸ਼ ਪ੍ਰਤੀ ਜਜ਼ਬਾ ਹੈ ਤਾਂ ਪਾਰਟੀਬਾਜ਼ੀ ਤੋਂ ਉਤਾਂਹ ਉੱਠ ਕੇ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਵੋ ਤੇ 10 ਮਿੰਟਾਂ ਲਈ ਆਪਣੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ’ਤੇ ਮੁਕੰਮਲ ਹਨੇਰਾ ਕਰੋ।’
ਇੰਨਾ ਹੀ ਨਹੀਂ ਦੇਵ ਨੇ ਇਸ ਤਸਵੀਰ ਨਾਲ ਕੈਪਸ਼ਨ ’ਚ ਲਿਖਿਆ, ‘ਜਦੋਂ ਕਿਸੇ ਜ਼ਾਲਮ ਜਾਬਰ ਤਾਨਾਸ਼ਾਹ ਦਾ ਅਖੀਰ ਆਉਂਦਾ ਹੈ ਤਾਂ ਇਤਿਹਾਸ ਗਵਾਹ ਹੈ ਕਿ ਮਹਾਪੁਰਖਾਂ ਦੀਆਂ ਕੁਰਬਾਨੀਆਂ ਹੁੰਦੀਆਂ ਨੇ।’
ਦੱਸਣਯੋਗ ਹੈ ਕਿ ਸੰਤ ਬਾਬਾ ਰਾਮ ਸਿੰਘ ਕਰਨਾਲ ਜ਼ਿਲੇ ਦੇ ਪਿੰਡ ਸੀਂਘੜਾ ’ਚ ਰਹਿਣ ਵਾਲੇ ਸਨ, ਜਿਥੇ ਉਨ੍ਹਾਂ ਦਾ ਡੇਰਾ ਸੀ। ਆਪਣੇ ਭਗਤਾਂ ’ਚ ਉਹ ਸੀਂਘੜਾ ਵਾਲੇ ਬਾਬਾ ਦੇ ਨਾਂ ਤੋਂ ਜਾਣੇ ਜਾਂਦੇ ਸਨ। ਬੀਤੇ ਕੱਲ ਉਨ੍ਹਾਂ ਨੇ ਸਿੰਘੂ ਸਰਹੱਦ ’ਤੇ ਕਿਸਾਨੀ ਹੱਕਾਂ ਲਈ ਆਪਣੀ ਜਾਨ ਦੇ ਦਿੱਤੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ। ਸੁਸਾਈਡ ਨੋਟ ਮੁਤਾਬਕ ਸੰਤ ਰਾਮ ਸਿੰਘ ਨੇ ਕਿਸਾਨਾਂ ’ਤੇ ਸਰਕਾਰ ਦੇ ਜ਼ੁਲਮ ਖ਼ਿਲਾਫ਼ ਖ਼ੁਦਕੁਸ਼ੀ ਕੀਤੀ ਹੈ। ਬਾਬਾ ਰਾਮ ਸਿੰਘ ਵੀ ਖ਼ੁਦ ਇਕ ਕਿਸਾਨ ਸਨ ਤੇ ਹਰਿਆਣਾ ਐੱਸ. ਜੀ. ਪੀ. ਸੀ. ਦੇ ਨੇਤਾ ਸਨ।