ਬ੍ਰਮਿੰਘਮ – ਫਗਵਾੜੇ ਦੇ ਨਜਦੀਕ ਪਿੰਡ ਵਿਰਕ ਨਿਵਾਸੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਸੰਤ ਬਾਬਾ ਫੂਲਾ ਸਿੰਘ ਦੀ 110ਵੀਂ ਬਰਸੀ ਬਹੁੱਤ ਹੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਸੰਗ ਜੀ ਬ੍ਰਮਿੰਘਮ ਵਿਖੇ 2-4 ਅਗਸਤ ਨੂੰ ਮਨਾਈ । ਸ਼ੁੱਕਰਵਾਰ 2 ਅਗਸਤ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਏ ਜਿਨ੍ਹਾ ਦੇ ਭੋਗ ਐਤਵਾਰ 4 ਅਗਸਤ ਨੂੰ ਸਵੇਰੇ 10 ਵਜੇ ਪਾਏ ਗਏ। ਤਿੰਨੇ ਹੀ ਦਿੰਨ ਲੰਡਨ, ਸਲੋਹ, ਵੁਲਵਰਹੈਂਪਟਨ, ਲੈਸਟਰ, ਕਵੈਂਟਰੀ ਅਤੇ ਬ੍ਰਮਿੰਘਮ ਤੋਂ ਵਿਰਕ ਨਿਵਾਸੀਆਂ ਅਤੇ ਸਾਧ ਸੰਗਤ ਜੀ ਨੇ ਧੁਰ ਕੀ ਬਾਣੀ ਸੁਣ ਕੇ, ਵੱਖ ਵੱਖ ਸੇਵਾਵਾਂ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ।
ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਗੁਰੂ ਘਰ ਦੇ ਹਜੂਰੀ ਕੀਰਤਨ ਜੱਥੇ, ਕਥਾਵਾਚਕ ਭਾਈ ਬਘੇਲ ਸਿੰਘ ਜੀ ਅਤੇ ਗਿਆਨੀ ਮੋਹਨ ਸਿੰਘ ਖਿਆਲੀ ਜੀ ਦੇ ਪ੍ਰਸਿੱਧ ਢਾਡੀ ਜੱਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਜਿਨ੍ਹਾ ਵਿਰਕ ਨਿਵਾਸੀਆਂ ਨੇ ਪਿਛਲੇ ਸਾਲ ਪਿੰਡ ਦੇ ਸਕੂਲ਼ ਦੀ ਮੁਰੰਮਤ ਵਿੱਚ ਸਿਹਯੋਗ ਦਿੱਤਾ ਸੀ ਉਨਾ੍ਹ ਦਾ ਬਹੁੱਤ ਬਹੁੱਤ ਧੰਨਵਾਦ ਕੀਤਾ ਗਿਆ। ਬਾਬਾ ਸੰਗ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀ ਬਿਲਡਿੰਗ ਫੰਡ ਲਈ ਵਿਰਕ ਪਿੰਡ ਵਾਲਿਆਂ ਵਲੋਂ £201 ਸੇਵਾ ਕੀਤੀ ਗਈ।
ਗੁਰਦੁਆਰਾ ਬਾਬਾ ਸੰਗ ਜੀ ਦੇ ਮੁੱਖ ਗਿਆਨੀ ਰਵਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸੰਤ ਬਾਬਾ ਫੂਲਾ ਸਿੰਘ ਜੀ ਵਰਗੀਆਂ ਸ਼ਖਸ਼ੀਅਤਾਂ ਦਾ ਦਿਹਾੜਾ ਮਨਾਉਣਾ ਪਿੰਡ ਵਿਰਕ ਯੂ.ਕੇ. ਨਿਵਾਸੀਆਂ ਦੀ ਚੰਗੀ ਪਹਿਲ ਕਦਮੀ ਹੈ। ਉਹਨਾ ਕਿਹਾ ਕਿ ਮਹਾਂਪੁਰਖਾਂ, ਭਗਤਾਂ ਦੇ ਦਿਹਾੜੇ ਮਨਾ ਕੇ ਅਸੀਂ ਵਿਦੇਸ਼ਾਂ ਵਿੱਚ ਆਉਣ ਵਾਲੀ ਪੀੜੀ ਨੂੰ ਪਰਮਾਤਮਾ ਵਾਲੇ ਪਾਸੇ ਅਤੇ ਆਪਣੇ ਪਿਛੋਕੜ ਨਾਲ ਜੋੜ ਸਕਦੇ ਹਾਂ। ਇਹੋ ਜਹੇ ਮਹਾਪੁਰਖਾਂ ਬਾਰੇ ਹੀ ਗੁਰਬਾਣੀ ਵਿਚ ਦੱਸਿਆ ਹੈ ਕਿ ” ਜਗਿ ਮਹਿ ਉਤਮੁ ਕਾਢੀਅਹਿ ਵਿਰਲੇ ਕੇਈ ਕੇਇ ” ।
ਭਾਈ ਦਵਿੰਦਰ ਸਿੰਘ ਜੀ ਨੇ ਸਟੇਜ ਦੀ ਸੇਵਾ ਬਾਖੂਬੀ ਨਾਲ ਨਿਭਾਈ ਅਤੇ ਸਾਧ ਸੰਗਤ ਜੀ ਨੂੰ 7-11 ਅਗਸਤ ਨੂੰ ਬ੍ਰਮਿਘਮ ਯੂਨਿਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਖੁਸ਼ੀ ਵਿੱਚ ਹੋ ਰਹੇ ਖਾਸ ਪ੍ਰੋਗਰਾਮਾ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੰਤ ਬਾਬਾ ਫੂਲਾ ਸਿੰਘ ਜੀ ਦੀ ਸਲਾਨਾ ਬਰਸੀ ਅਗਲੇ ਸਾਲ 31 ਜੁਲਾਈ – 2 ਅਗਸਤ ਨੂੰ ਮਨਾਈ ਜਾਵੇਗੀ.