ਸੰਘਣੀ ਧੁੰਦ ਕਾਰਨ ਸਕੂਲ ਬੱਸ ਪਲਟੀ

ਜਲੰਧਰ -ਸੰਘਣੀ ਧੁੰਦ ਕਾਰਨ ਵਾਪਰੇ ਸੜਕ ਹਾਦਸੇ ’ਚ ਸੁਲਤਾਨਪੁਰ ਲੋਧੀ ਵਿਚ ਅਕਾਲ ਅਕੈਡਮੀ ਦੀ ਬੱਸ ਬੂਸੋਵਾਲ ਸੜਕ ’ਤੇ ਪਲਟ ਗਈ। ਇਸ ਹਾਦਸੇ ਵਿਚ 15 ਦੇ ਕਰੀਬ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਘਰਾਂ ਨੂੰ ਭੇਜ ਦਿੱਤਾ ਗਿਆ। ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਉਦੋਂ ਵਾਪਰਿਆ ਜਦੋਂ ਸਕੂਲ ਬੱਸ ਬੱਚੇ ਲੈ ਕੇ ਵਾਪਸ ਅਕੈਡਮੀ ਨੂੰ ਆ ਰਹੀ ਸੀ। ਗਲਤ ਸਾਈਡ ਤੋਂ ਆ ਰਹੇ ਟਰੱਕ ਨੂੰ ਦੇਖ ਕੇ ਬੱਸ ਦੇ ਡਰਾਈਵਰ ਨੇ ਸੜਕ ਤੋਂ ਹੇਠਾਂ ਬੱਸ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਸੜਕ ਕਿਨਾਰੇ ਬਰਮ ਨਾ ਹੋਣ ਕਾਰਨ ਬੱਸ ਹੇਠਾਂ ਖੇਤਾਂ ’ਚ ਡਿੱਗ ਪਈ। ਜਿਉਂ ਹੀ ਬੱਸ ਡਿੱਗਣ ਦਾ ਪਤਾ ਲੱਗਾ ਤਾਂ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਟਰੱਕ ਦੇ ਡਰਾਈਵਰ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ। ਮੌਕੇ ’ਤੇ ਪੁੱਜੇ ਆਲੇ ਦੁਆਲੇ ਦੇ ਪਿੰਡ ਵਾਸੀਆਂ ਨੇ ਸਕੂਲ ਡਰਾਈਵਰ ਪ੍ਰੀਤਮ ਸਿੰਘ ਅਤੇ ਵਿਦਿਆਰਥੀਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਐਸਡੀਐਮ ਡਾਕਟਰ ਚਾਰੂਮਿਤਾ ਨੇ ਸਿਵਲ ਹਸਪਤਾਲ ਪਹੁੰਚ ਕੇ ਜ਼ਖ਼ਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ ਤੇ ਡਾਕਟਰਾਂ ਨੂੰ ਮੁਢਲੀ ਦੇਣ ਦੀਆਂ ਹਦਾਇਤਾਂ ਵੀ ਕੀਤੀਆਂ। ਹਾਦਸਾ ਵਾਪਰਨ ’ਤੇ ਇਹ ਚਰਚਾ ਵੀ ਛਿੜ ਪਈ ਕਿ ਸੜਕਾਂ ਦੇ ਬਰਮ ਨਾ ਹੋਣ ਕਾਰਨ ਲੋਕਾਂ ਦੀ ਜਾਨ ਖਤਰੇ ਵਿਚ ਪੈਣ ਦਾ ਡਰ ਬਣਿਆ ਰਹਿੰਦਾ ਹੈ। ਬੂਸੋਵਾਲ ਨੂੰ ਜਾਂਦੀ ਸੜਕ ਦੇ ਵੀ ਬਰਮ ਨਹੀਂ ਹਨ। ਜੇ ਸੜਕ ਦੇ ਨਾਲ ਨਿਯਮਾਂ ਅਨੁਸਾਰ ਮਿੱਟੀ ਪਾਈ ਹੁੰਦੀ ਤਾਂ ਸ਼ਾਇਦ ਇਹ ਹਾਦਸਾ ਨਾ ਵਾਪਰਦਾ।

Previous articleਮੇਅਰ ਵੱਲੋਂ ਡੰਪਿੰਗ ਗਰਾਊਂਡ ਦਾ ਜਾਇਜ਼ਾ
Next articleਧੁੰਦ ਕਾਰਨ ਕੈਂਟਰ ਤੇ ਟਿੱਪਰ ਭਿੜੇ, ਡਰਾਈਵਰ ਜ਼ਖ਼ਮੀ