ਸੰਘਣੀ ਧੁੰਦ ਕਾਰਨ ਰੇਲ ਆਵਾਜਾਈ ਪ੍ਰਭਾਵਿਤ

ਵੱਧਦੀ ਠੰਢ ਤੇ ਧੁੰਦ ਦੀ ਮਾਰ ਸੜਕ ’ਤੇ ਚੱਲਣ ਵਾਲੇ ਲੋਕਾਂ ਨੂੰ ਪ੍ਰੇਸ਼ਾਨ ਕਰ ਹੀ ਰਹੀ ਸੀ, ਨਾਲ ਹੀ ਧੁੰਦ ਦੀ ਮਾਰ ਰੇਲ ਗੱਡੀਆਂ ਦੇ ਪਹੀਏ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਲੁਧਿਆਣਾ ਵਿੱਚੋਂ ਲੰਘਣ ਵਾਲੀਆਂ ਕਰੀਬ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਹਨ। ਇੰਨਾ ਹੀ ਨਹੀਂ ਕਈ ਰੇਲ ਗੱਡੀਆਂ 2 ਘੰਟੇ ਤੋਂ ਲੈ ਕੇ 14 ਘੰਟਿਆਂ ਤੱਕ ਲੇਟ ਚੱਲ ਰਹੀਆਂ ਹਨ। ਇਸ ਕਾਰਨ ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਸੈਂਕੜੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅੱਜ ਕਰੀਬ ਇੱਕ ਦਰਜਨ ਤੋਂ ਵੱਧ ਰੇਲ ਗੱਡੀਆਂ ਧੁੰਦ ਕਾਰਨ ਰੱਦ ਕਰ ਦਿੱਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਜਨ ਸੇਵਾ ਐਕਸਪ੍ਰੈਸ, ਆਮਰਪਾਲੀ ਐਕਸਪ੍ਰੈਸ, ਸ਼ਹੀਦ ਐਕਸਪ੍ਰੈਸ, ਬੁੱਧ ਪੁਰਨੀਮਾ ਐਕਸਪ੍ਰੈਸ, ਹਾਵੜਾ ਐਕਸਪ੍ਰੈਸ, ਸਰਾਏਘਾਟ ਐਕਸਪ੍ਰੈਸ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਰੱਦ ਕੀਤੀਆਂ ਗਈਆਂ ਸਾਰੀਆਂ ਰੇਲ ਗੱਡੀਆਂ ਹੀ ਲੰਮੀ ਦੂਰੀ ਦੀਆਂ ਹਨ। ਇਸਦੇ ਨਾਲ ਹੀ ਅੱਜ ਕਈ ਰੇਲ ਗੱਡੀਆਂ 2 ਤੋਂ 14 ਘੰਟੇ ਤੱਕ ਲੇਟ ਚੱਲ ਰਹੀਆਂ ਸਨ। ਜਿਨ੍ਹਾਂ ਵਿੱਚ ਅਰਚਣਾ ਐਕਸਪ੍ਰੈਸ 14 ਘੰਟੇ ਲੇਟ ਸੀ। ਇਸੇ ਦੌਰਾਨ ਸ਼ਹਿਰ ਵਿੱਚ ਅਤੇ ਆਸ-ਪਾਸ ਦੇ ਇਲਾਕਿਆਂ ’ਚ ਠੰਢ ਕਾਰਨ ਜਨ-ਜੀਵਨ  ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਧੁੰਦ ਕਾਰਨ ਪੈਦਲ ਚੱਲਣ ਵਾਲੇ ਰਾਗੀਰਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਦਿਹਾੜੀਕਾਰਾਂ ਨੂੰ ਠੰਢ ਕਾਰਨ ਕੰਮਾਂ ’ਤੇ ਜਾਣ ਵੇਲੇ ਪ੍ਰੇਸ਼ਾਨੀ ਹੋਈ ਉਥੇ ਦੁਪਹੀਆ ਵਾਹਨ ਚਾਲਕਾਂ ਨੂੰ ਵੀ ਧੁੰਦ ਨੇ ਪ੍ਰਭਾਵਿਤ ਕੀਤਾ। ਜਗ੍ਹਾ-ਜਗ੍ਹਾ ਲੋਕ ਅੱਗ ਦੀਆਂ ਧੂਣੀਆਂ ਵਾਲ ਕੇ ਸੇਕਦੇ ਨਜ਼ਰ ਆਏ।

Previous articleਯੂਏਈ ਦੀ ਸ਼ਹਿਜ਼ਾਦੀ ਲਤੀਫ਼ਾ ਨੂੰ ‘ਮੈਡੀਕਲ ਦੇਖਭਾਲ’ ਦੀ ਲੋੜ
Next articleਕਾਰ ਦਰੱਖਤ ਨਾਲ ਟਕਰਾਈ, ਡਰਾਈਵਰ ਨੇ ਮਸਾਂ ਜਾਨ ਬਚਾਈ