ਪੁਲੀਸ ਮੁਲਾਜ਼ਮਾਂ ਨੂੰ ਹਾਈਕੋਰਟ ਲੈ ਕੇ ਜਾਣ ਵਾਲੀ ਬਟਾਲਾ ਪੁਲੀਸ ਦੀ ਪਿੰਡ ਪੰਜਗਰਾਂਈਆਂ ਨੇੜੇ ਬੱਸ ਸੰਘਣੀ ਧੁੰਦ ਕਾਰਨ ਟਰੈਕਟਰ-ਟਰਾਲੀ ਨਾਲ ਟਕਰਾਅ ਗਈ, ਜਿਸ ਵਿੱਚ 18 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇੱਕ ਦੀ ਹਾਲਤ ਗੰਭੀਰ ਹੈ। ਬੱਸ ਵਿੱਚ ਬਟਾਲਾ ਪੁਲੀਸ ਦੇ 25 ਜਵਾਨ ਸਵਾਰ ਸਨ, ਜੋ ਵੱਖ-ਵੱਖ ਕੇਸਾਂ ਦੇ ਸਿਲਸਿਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਜਾ ਰਹੇ ਸਨ। ਹਾਦਸੇ ਤੋਂ ਤੁਰੰਤ ਬਾਅਦ ਪਿੰਡ ਦੇ ਲੋਕਾਂ ਨੇ ਜ਼ਖ਼ਮੀ ਪੁਲੀਸ ਮੁਲਾਜ਼ਮਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ। ਬੱਸ ਚਾਲਕ ਰਣਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਟੱਕਰ ਇੰਨੀ ਜ਼ੋਰਦਾਰ ਸੀ ਕਿ ਪੁਲੀਸ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲੀਸ ਜ਼ਿਲ੍ਹਾ ਬਟਾਲਾ ਦੇ ਸਾਰੇ ਥਾਣਿਆਂ ਵਿੱਚ ਦਰਜ ਮੁਕੱਦਮਿਆਂ ਦੇ ਜਾਂਚ ਅਧਿਕਾਰੀ, ਜਿਨ੍ਹਾਂ ਵਿੱਚ ਜ਼ਿਆਦਾ ਥਾਣੇਦਾਰ ਅਤੇ ਕੁਝ ਹੌਲਦਾਰ ਸ਼ਾਮਲ ਹਨ, ਹਾਈਕੋਰਟ ਵਿੱਚ ਚੱਲ ਰਹੇ ਕੇਸਾਂ ਦੀ ਪੈਰਵਾਈ ਲਈ ਜਾ ਰਹੇ ਸਨ। ਜਦੋਂ ਬੱਸ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਪਿੰਡ ਪੰਜਗਰਾਂਈਆਂ ਨੇੜੇ ਪਹੁੰਚੀ ਤਾਂ ਬੱਸ ਚਾਲਕ ਨੂੰ ਸੰਘਣੀ ਧੁੰਦ ਕਾਰਨ ਸਾਹਮਣੇ ਤੋਂ ਆ ਰਹੀ ਟਰੈਕਟਰ-ਟਰਾਲੀ ਨਜ਼ਰ ਹੀ ਨਹੀਂ ਆਈ ਤੇ ਦੋਹਾਂ ਦੋਵਾਂ ਵਾਹਨਾਂ ਦੀ ਟੱਕਰ ਹੋ ਗਈ। ਹਸਪਤਾਲ ਵਿੱਚ ਮਾਮੂਲੀ ਜ਼ਖ਼ਮੀਆਂ ਨੂੰ ਮੱਲ੍ਹਮ-ਪੱਟੀ ਕਰਕੇ ਘਰ ਭੇਜ ਦਿੱਤਾ ਗਿਆ। ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਸਿਵਲ ਹਸਪਤਾਲ ਬਟਾਲਾ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਆਪਣੇ ਜ਼ਖਮੀ ਮੁਲਾਜ਼ਮਾਂ ਦਾ ਹਾਲਚਾਲ ਪੁੱਛਿਆ। ਜ਼ਖਮੀਆਂ ਵਿੱਚ ਏਐਸਆਈ ਤਜਿੰਦਰ ਸਿੰਘ, ਏਐਸਆਈ ਹਰਪਾਲ ਸਿਘ, ਏਐਸਆਈ ਵਰਿੰਦਰ ਸਿੰਘ, ਏਐਸਆਈ ਜੋਗਿੰਦਰ ਸਿੰਘ, ਏਐਸਆਈ ਨਰੇਸ਼ ਕੁਮਾਰ, ਏਐਸਆਈ ਜਗਵਿੰਦਰ ਸਿੰਘ, ਹੌਲਦਾਰ ਸੁਰਿੰਦਰ ਸਿੰਘ, ਹੌਲਦਾਰ ਜਸਬੀਰ ਸਿੰਘ, ਹੌਲਦਾਰ ਜਗਜੀਤ ਸਿੰਘ, ਯੂਨਸ ਮਸੀਹ ਅਤੇ ਲੇਡੀ ਕਾਂਸਟੇਬਲ ਸਤਿੰਦਰ ਕੌਰ ਸ਼ਾਮਲ ਹਨ। ਟਰੈਕਟਰ ਟਰਾਲੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਈ ਹੈ।
INDIA ਸੰਘਣੀ ਧੁੰਦ ਕਾਰਨ ਪੁਲੀਸ ਬੱਸ ਅਤੇ ਟਰੈਕਟਰ-ਟਰਾਲੀ ਵਿੱਚ ਟੱਕਰ