ਜੰਡਿਆਲਾ ਗੁਰੂ ਮੌਸਮ ਦੇ ਬਦਲਦੇ ਮਿਜ਼ਾਜ ਦੇ ਨਾਲ ਪੈ ਰਹੀ ਸੰਘਣੀ ਧੁੰਦ ਕਾਰਨ ਜਨ ਜੀਵਨ ਠੱਪ ਹੋ ਗਿਆ ਹੈ। ਅੱਜ ਤੜਕਸਾਰ ਪਈ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਤੋਂ ਤਰਨ ਤਾਰਨ ਨਵੇਂ ਬਣੇ ਰਾਸ਼ਟਰੀ ਮਾਰਗ 54 ਉੱਪਰ ਪਿੰਡ ਬੰਡਾਲਾ ਕੋਲ ਨੌਂ ਵਾਹਨ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਬੇਸ਼ੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਵਾਹਨਾਂ ਦਾ ਭਾਰੀ ਨੁਕਸਾਨ ਹੋਣ ਦੇ ਨਾਲ ਨਾਲ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਤੜਕਸਾਰ ਅੰਮ੍ਰਿਤਸਰ ਤੋਂ ਤਰਨਤਾਰਨ ਵੱਲ ਨੂੰ ਜਾਂਦਿਆਂ ਇੱਕ ਟਰਾਲਾ ਜਦੋਂ ਯੂ ਟਰਨ ਲੈਣ ਲੱਗਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਿਆ ਅਤੇ ਇਸ ਟਰਾਲੇ ਦੇ ਪਿੱਛੋਂ ਆ ਰਹੇ ਤਿੰਨ ਚਾਰ ਹੋਰ ਟਰਾਲੇ ਇੱਕ ਰੋਡਵੇਜ਼ ਦੀ ਬੱਸ ਅਤੇ ਕੁਝ ਕਾਰਾਂ ਟਕਰਾ ਗਈਆਂ। ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਕੁਝ ਲੋਕਾਂ ਨੂੰ ਸੱਟਾਂ ਲੱਗੀਆਂ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੰਡਾਲਾ ਪੁਲੀਸ ਚੌਕੀ ਦੇ ਇੰਚਾਰਜ ਐਸਆਈ ਬਲਰਾਜ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਤਰਨਤਾਰਨ ਇਲਾਜ ਲਈ ਭੇਜਿਆ ਗਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲੀਸ ਵੱਲੋਂ ਹਾਦਸੇ ਦਾ ਸ਼ਿਕਾਰ ਹੋਏ ਵਾਹਨਾਂ ਨੂੰ ਇੱਕ ਪਾਸੇ ਕਰਾ ਕੇ ਸੜਕੀ ਆਵਾਜਾਈ ਬਹਾਲ ਕਰਵਾਈ ਜਾ ਰਹੀ ਹੈ।
INDIA ਸੰਘਣੀ ਧੁੰਦ ਕਾਰਨ ਨੌਂ ਵਾਹਨ ਆਪਸ ’ਚ ਟਕਰਾਏ