ਸਾਦਿਕ (ਸਮਾਜਵੀਕਲੀ) –ਭਾਵੇਂ ਤਾਲਾਬੰਦੀ ਨੇ ਪਿੰਡਾਂ-ਸ਼ਹਿਰਾਂ ਦੇ ਹਰ ਨਿੱਕੇ-ਵੱਡੇ ਕੰਮਾਂ-ਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ ਦੇ ਬਾਵਜੂਦ ਲੋਕ ਹੁਣ ਕੰਮਾਂ-ਕਾਰਾਂ ਦੀ ਬਜਾਏ ਆਪਣੇ ਆਪ ਨੂੰ ਸੁਰੱਖਿਅਤ ਕਰਨ ਨੂੰ ਪਹਿਲ ਦੇ ਰਹੇ ਹਨ। ਇਲਾਕੇ ਦੇ ਪਿੰਡ ਸੰਗਰਾਹੂਰ ਤੇ ਮੁਮਾਰਾ ਵਾਸੀਆਂ ਨੇ ਪਿੰਡਾਂ ਨੂੰ ਆਉਂਦੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਕਰਕੇ ਪਿੰਡ ਵਿੱਚ ਕਿਸੇ ਬਾਹਰੀ ਵਿਅਕਤੀ ਦਾ ਆਉਣਾ ਅਤੇ ਪਿੰਡੋਂ ਬਾਹਰ ਜਾਣਾ ਬੰਦ ਕਰ ਦਿੱਤਾ ਹੈ।
ਇਨ੍ਹਾਂ ਪਿੰਡਾਂ ਦੇ ਲੋਕ ਖੇਤ ਬੰਨੇ ਦਾ ਕੰਮ ਵੀ ਤੈਅ ਕੀਤੇ ਸ਼ਾਮ ’ਤੇ ਸਵੇਰ ਸਮੇਂ ਅਨੂਸਾਰ ਹੀ ਸਮੇਟਦੇ ਹਨ। ਪਿੰਡਾਂ ਵਿੱਚ ਦੋਧੀ ਅਤੇ ਸਬਜ਼ੀ ਵੇਚਣ ਵਾਲਾ ਵੀ ਦਾਖਲਾ ਪਾਸ ਹੋਣ ਦੀ ਸ਼ਰਤ ’ਤੇ ਆ ਸਕਦਾ ਹੈ। ਮੁਮਾਰਾ ਪਿੰਡ ਦੇ ਸਰਪੰਚ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਲੋਕ ਪੂਰਾ ਸਹਿਯੋਗ ਦੇ ਰਹੇ ਹਨ ਤੇ ਇਸ ਮੌਕੇ ਬੱਚਿਆਂ ਵੱਲੋਂ ਆਪੋ-ਆਪਣੇ ਘਰਾਂ ਅੰਦਰ ਰਹਿ ਕੇ ਹੀ ਕਰੋਨਾ ਸਬੰਧੀ ਜਾਗਰੂਕ ਕਰਦੀਆਂ ਪੇਟਿੰਗਾਂ ਤਿਆਰ ਕਰਕੇ ਘਰਾਂ ਦੇ ਬੂਹਿਆਂ ’ਤੇ ਚਿਪਕਾਈਆਂ ਗਈਆਂ ਜਿਸ ’ਤੇ ਪੰਚਾਇਤ ਵੱਲੋਂ ਹੌਸਲਾ ਅਫਜਾਈ ਵੀ ਕੀਤਾ ਜਾਵੇਗਾ।
ਇਸ ਦੌਰਾਨ ਡਾ. ਕਰਨਜੀਤ ਸਿੰਘ ਗਿੱਲ ਬਲਾਕ ਵਿਕਾਸ ਅਫਸਰ ਖੇਤੀਬਾੜੀ ਵੱਲੋਂ ਗੁਰੂ ਘਰ ਦੇ ਸਪੀਕਰ ਰਾਹੀਂ ਕਰੋਨਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ। ਪਿੰਡ ਸੰਗਰਾਹੂਰ ਦੀ ਮਹਿਲਾ ਸਰਪੰਚ ਕੰਵਲਜੀਤ ਕੌਰ ਤੇ ਜਗਮੀਤ ਸਿੰਘ ਨੇ ਆਖਿਆ ਕਿ ਪਿੰਡ ਵਿੱਚੋਂ ਸਿਰਫ ਐਮਰਜੈਂਸੀ ਹਾਲਾਤਾਂ ਵਿੱਚ ਹੀ ਕਿਸੇ ਨੂੰ ਬਾਹਰ ਜਾਣ ਦੀ ਛੋਟ ਦਿੱਤੀ ਜਾ ਰਹੀ ਹੈ।