ਪੰਜਾਬ ’ਚ ਅੱਜ ਵੱਖ ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ’ਚ 8 ਵਿਅਕਤੀ ਮਾਰੇ ਗਏ ਜਦਕਿ 26 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਹ ਹਾਦਸੇ ਹੁਸ਼ਿਆਰਪੁਰ, ਮੋਗਾ ਅਤੇ ਮਜੀਠਾ ਨੇੜੇ ਵਾਪਰੇ ਹਨ।
ਹੁਸ਼ਿਆਰਪੁਰ: ਹੁਸ਼ਿਆਰਪੁਰ-ਫ਼ਗਵਾੜਾ ਸੜਕ ’ਤੇ ਮੇਹਟੀਆਣਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅੱਜ ਤੜਕੇ ਕਰੀਬ 3 ਵਜੇ ਇਕ ਟਾਟਾ-407 ਅਤੇ ਟਿੱਪਰ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਲਾਸ਼ਾਂ ਕਟਰ ਦੀ ਸਹਾਇਤਾ ਨਾਲ ਬਾਹਰ ਕੱਢੀਆਂ ਗਈਆਂ। ਮੇਹਟੀਆਣਾ ਥਾਣੇ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਤਿੰਨ ਵਿਅਕਤੀ ਟਾਟਾ-407 ਅਤੇ ਇੱਕ ਟਿੱਪਰ ਵਿੱਚ ਸਵਾਰ ਸੀ। ਉਨ੍ਹਾਂ ਦੱਸਿਆ ਕਿ ਟਿੱਪਰ ਸਵਾਰ ਦੋਰਾਹਾ ਅਤੇ ਟਾਟਾ-407 ਸਵਾਰ ਤਿੰਨ ਵਿਅਕਤੀ ਹਿਮਾਚਲ ਪ੍ਰਦੇਸ਼ ਨਾਲ ਸਬੰਧਤ ਹਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਮੋਗਾ: ਇਥੇ ਧੁੰਦ ਕਾਰਨ ਵਾਪਰੇ ਦੋ ਵੱਖ ਵੱਖ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚੋਂ ਇੱਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਫਰਵਰੀ ’ਚ ਉਸ ਦਾ ਵਿਆਹ ਹੋਣ ਵਾਲਾ ਸੀ। ਪੰਜ ਸਾਲ ਪਹਿਲਾਂ ਉਸ ਦੀ ਭੈਣ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਵੇਰਵਿਆਂ ਅਨੁਸਾਰ ਪਿੰਡ ਜਨੇਰ ਕੋਲ ਮੋਟਰਸਾਈਕਲ ਤੇ ਈ-ਰਿਕਸ਼ਾ ਦੀ ਟੱਕਰ ਹੋ ਗਈ ਜਿਸ ’ਚ ਮੋਟਰਸਾਈਕਲ ਸਵਾਰ ਕੁਲਦੀਪ ਸਿੰਘ (22) ਵਾਸੀ ਦਾਤੇਵਾਲ ਰੋਡ, ਕੋਟ ਈਸੇ ਖਾਂ ਦੀ ਮੌਤ ਹੋ ਗਈ। ਉਹ ਮੋਗਾ ਦੇ ਸੈਲੂਨ ’ਚ ਕੰਮ ਕਰਦਾ ਸੀ ਅਤੇ ਕੰਮ ਤੋਂ ਵਾਪਸ ਘਰ ਜਾ ਰਿਹਾ ਸੀ। ਹਾਦਸੇ ’ਚ ਈ-ਰਿਕਸ਼ਾ ਚਾਲਕ ਤਰਸੇਮ ਸਿੰਘ ਪਿੰਡ ਜਨੇਰ ਜ਼ਖ਼ਮੀ ਹੋ ਗਿਆ ਹੈ। ਕੁਲਦੀਪ ਸਿੰਘ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆ ਹਸਪਤਾਲ ’ਚ ਦਮ ਤੋੜ ਦਿੱਤਾ ਜਦਕਿ ਰਿਕਸ਼ਾ ਚਾਲਕ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ। ਉਧਰ ਧਰਮਕੋਟ ਕੋਲ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਹਰਪਾਲ ਸਿੰਘ ਪਿੰਡ ਸਿੰਘਪੁਰਾ ਮੁੰਨਣ ਦੀ ਮੌਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।
ਮਜੀਠਾ: ਅੱਡਾ ਕੱਥੂਨੰਗਲ ਨਜ਼ਦੀਕ ਰੂਪੋਵਾਲੀ ਸੜਕ ’ਤੇ ਤੇਜ਼ ਰਫ਼ਤਾਰ ਮਹਿੰਦਰਾ 207 ਸੰਤੁਲਨ ਵਿਗੜਨ ਕਾਰਨ ਟੋਏ ’ਚ ਜਾ ਕੇ ਪਲਟ ਗਈ। ਉਸ ’ਚ ਸਵਾਰ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 23 ਦੇ ਕਰੀਬ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਨੇ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਡੀ (ਪੀਬੀ02 ਏਐੱਚ 9509) ਨੂੰ ਪਿੰਡ ਦੁਧਾਲਾ ਦਾ ਵਸਨੀਕ ਕਸ਼ਮੀਰ ਸਿੰਘ ਚਲਾ ਰਿਹਾ ਸੀ। ਗੱਡੀ ਵਿੱਚ ਪਿੰਡ ਕਰਨਾਲ ਦੇ ਬੱਚਿਆਂ ਅਤੇ ਔਰਤਾਂ ਸਮੇਤ ਮਜ਼ਦੂਰ ਸਵਾਰ ਸਨ, ਜੋ ਪਿੰਡ ਮੱਖਣਵਿੰਡੀ ਦੇ ਖੇਤਾਂ ਵਿੱਚ ਕੰਮ ਕਰਨ (ਮਟਰ ਤੋੜਨ) ਜਾ ਰਹੇ ਸਨ। ਅੱਜ ਸਵੇਰੇ ਜਦੋਂ ਗੱਡੀ ਰੂਪੋਵਾਲੀ ਸੜਕ ’ਤੇ ਭੱਠੇ ਨਜ਼ਦੀਕ ਪਹੁੰਚੀ ਤਾਂ ਸੰਤੁਲਨ ਵਿਗੜਨ ਕਾਰਨ ਇਹ ਸੜਕ ਤੋਂ ਹੇਠਾਂ ਉਤਰ ਗਈ ਤੇ ਟੋਏ ਵਿੱਚ ਪਲਟੀਆਂ ਖਾ ਗਈ। ਹਾਦਸੇ ’ਚ ਦੋ ਮਜ਼ਦੂਰਾਂ ਸਰਜੀਵਨ (35) ਅਤੇ ਸ਼ਲਿੰਦਰ (40) ਦੀ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਸੁਨਾਲੀ, ਵੰਦਨਾ, ਰੇਖਾ, ਅੰਜਲੀ, ਹਰਦੀਸ਼, ਸਰਸਵਤੀ, ਕਸ਼ਿਸ਼, ਨਿਸ਼ਾ, ਪਾਇਲ ਤੇ ਸੋਨੂ ਸਮੇਤ 23 ਵਿਅਕਤੀਆਂ ਨੂੰ ਮਜੀਠਾ ਦੇ ਸਰਕਾਰੀ ਹਸਪਤਾਲ ’ਚ ਭੇਜਿਆ ਗਿਆ ਹੈ। ਇਨ੍ਹਾਂ ’ਚੋਂ 5 ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।