ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਮਿਲੇਗਾ ਖੇਤੀ ਕਾਨੂੰਨਾਂ ਦਾ ਲਾਭ: ਮੋਦੀ

ਬਹਿਰਾਈਚ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਕੀ ਨੇ ਅੱਜ ਤਿੰਨੋਂ ਖੇਤੀ ਕਾਨੂੰਨਾਂ ਦਾ ਬਚਾਅ ਕਰਦਿਆਂ ਕਿਹਾ ਕਿ ਇਨ੍ਹਾਂ ਸੁਧਾਰਾਂ ਤੋਂ ਸਭ ਤੋਂ ਵੱਧ ਫਾਇਦਾ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਹੋਵੇਗਾ। ਉਨ੍ਹਾਂ ਅੱਜ ਇੱਥੇ ਵੀਡੀਓ ਕਾਨੰਫਰਸ ਰਾਹੀਂ ਮਹਾਰਾਜਾ ਸੁਹੇਲਦੇਵ ਦੇ ਬੁੱਤ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਉਨ੍ਹਾਂ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਭੁੱਲਾਂ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੇਸ਼ ਦੇ ਮਹਾਨ ਯੋਧਿਆਂ ਤੇ ਆਗੂਆਂ ਨੂੰ ਸਨਮਾਨ ਨਹੀਂ ਦਿੱਤਾ।

ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ’ਤੇ ਇਨ੍ਹਾਂ ਕਾਨੂੰਨਾਂ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਦੇਸ਼ ਦੇ ਖੇਤੀ ਬਾਜ਼ਾਰ ’ਚ ਵਿਦੇਸ਼ੀ ਕੰਪਨੀਆਂ ਨੂੰ ਬੁਲਾਉਣ ਲਈ ਕਾਨੂੰਨ ਬਣਾਏ, ਉਹ ਅੱਜ ਦੇਸੀ ਕੰਪਨੀਆਂ ਦੇ ਨਾਂ ’ਤੇ ਕਿਸਾਨਾਂ ਨੂੰ ਡਰਾ ਰਹੇ ਹਨ। ਨਵੇਂ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਨਵੇਂ ਖੇਤੀ ਸੁਧਾਰਾਂ ਦਾ ਲਾਭ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਸਭ ਤੋਂ ਵੱਧ ਹੋ ਰਿਹਾ ਹੈ ਅਤੇ ਉੱਤਰ ਪ੍ਰਦੇਸ਼ ’ਚ ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਥਾਂ-ਥਾਂ ਤੋਂ ਕਿਸਾਨਾਂ ਦੇ ਬਿਹਤਰ ਤਜਰਬੇ ਵੀ ਸਾਹਮਣੇ ਆਉਣ ਲੱਗੇ ਹਨ।’ ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਵੱਖ ਵੱਖ ਤਰ੍ਹਾਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨ ਲਾਗੂ ਹੋਣ ਦੇ ਬਾਵਜੂਦ ਉੱਤਰ ਪ੍ਰਦੇਸ਼ ’ਚ ਇਸ ਵਾਰ ਪਿਛਲੇ ਸਾਲ ਮੁਕਾਬਲੇ ਦੁੱਗਣਾ ਝੋਨਾ ਖਰੀਦਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਉਨ੍ਹਾਂ ਨੂੰ ਹਰ ਸੰਭਵ ਮਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਪੀ ਦੇ ਕਰੀਬ 2.5 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਫੰਡ ਤਹਿਤ ਰਾਸ਼ੀ ਜਮ੍ਹਾਂ ਕੀਤੀ ਜਾ ਚੁੱਕੀ ਹੈ ਅਤੇ ਸੂਬੇ ’ਚ ਬਿਹਤਰ ਹੁੰਦੀਆਂ ਬੁਨਿਆਦੀ ਸਹੂਲਤਾਂ ਦਾ ਸਿੱਧਾ ਲਾਭ ਕਿਸਾਨਾਂ, ਗਰੀਬਾਂ ਤੇ ਪਿੰਡਾਂ ਦੇ ਲੋਕਾਂ ਨੂੰ ਹੋ ਰਿਹਾ ਹੈ। ਉਨ੍ਹਾਂ ਕਿਹਾ, ‘ਖਾਸ ਤੌਰ ’ਤੇ ਛੋਟੇ ਕਿਸਾਨ, ਜਿਨ੍ਹਾਂ ਕੋਲ ਬਹੁਤ ਘੱਟ ਜ਼ਮੀਨ ਹੁੰਦੀ ਹੈ, ਉਨ੍ਹਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਜ਼ਿਆਦਾ ਲਾਭ ਮਿਲਦਾ ਹੈ।’ ਇਸ ਮੌਕੇ ਉਨ੍ਹਾਂ ਸਰਸਵਤੀ, ਚਿੱਤੌਰਾ ਝੀਲ ਤੇ ਬਹਿਰਾਈਚ ਦੇ ਸੁੰਦਰੀਕਰਨ ਪ੍ਰਾਜੈਕਟਾਂ ਦੀ ਵੀ ਸ਼ੁਰੂਆਤ ਕੀਤੀ।

ਪ੍ਰਧਾਨ ਮੰਤਰੀ ਨੇ ਇਸ ਮੌਕੇ ਦੇਸ਼ ਦੇ ਕਈ ਆਜ਼ਾਦੀ ਘੁਲਾਟੀਆਂ ਨੂੰ ਬਣਦਾ ਸਨਮਾਨ ਨਾ ਦੇਣ ਲਈ ਸਾਬਕਾ ਸਰਕਾਰਾਂ ’ਤੇ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਮਹਾਰਾਰਾ ਸੁਹੇਲਦੇਵ ਨਾਲ ਵੀ ਇਹੀ ਕੋਸ਼ਿਸ਼ ਕੀਤੀ ਗਈ। ਇਸੇ ਲੜੀ ’ਚ ਉਨ੍ਹਾਂ ਨੇਤਾਜੀ ਸੁਭਾਸ਼ ਚੰਦਰ ਬੋਸ, ਸਰਦਾਰ ਵੱਲਭ ਭਾਈ ਪਟੇਲ ਤੇ ਡਾ. ਬੀਆਰ ਅੰਬੇਡਕਰ ਦਾ ਜ਼ਿਕਰ ਵੀ ਕੀਤਾ।

Previous articleਕਿਸਾਨ ਜਥੇਬੰਦੀਆਂ ਵੱਲੋਂ ਸਰ ਛੋਟੂਰਾਮ ਨੂੰ ਸ਼ਰਧਾਂਜਲੀਆਂ
Next articleਨੱਢਾ ਤੇ ਸ਼ਾਹ ਵੱਲੋਂ ਹਰਿਆਣਾ, ਰਾਜਸਥਾਨ ਤੇ ਯੂਪੀ ਦੇ ਆਗੂਆਂ ਨਾਲ ਮੀਟਿੰਗ