ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਦੋ ਰੇਲਵੇ ਫਾਟਕ ਰਹਿਣਗੇ ਬੰਦ- ਡਿਪਟੀ ਕਮਿਸ਼ਨਰ

ਜਲੰਧਰ, (ਸਮਾਜ ਵੀਕਲੀ ਬਿਊਰੋ) – ਸ੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ੍ਰੀ ਬਾਬਾ ਸਿੱਧ ਸੋਢਲ ਮੰਦਿਰ ਦੇ ਨੇੜੇ ਦੋ ਰੇਲਵੇ ਫਾਟਕਾਂ ਨੂੰ ਬੰਦ ਕਰਨ ਅਤੇ ਮੇਲੇ ਦੌਰਾਨ ਸ਼ਹਿਰ ਵਿੱਚ ਰੇਲ ਗੱਡੀਆਂ ਦੀ ਗਤੀ ਹੌਲੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਉਨਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਉਤਰੀ ਰੇਲਵੇ ਨੂੰ 11,12 ਅਤੇ 13 ਸਤੰਬਰ ਨੂੰ ਰਾਮ ਨਗਰ ਅਤੇ ਚੰਦਨ ਨਗਰ ਰੇਲਵੇ ਫਾਟਕਾਂ ਨੂੰ ਬੰਦ ਰੱਖਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਰੇਲਵੇ ਫਾਟਕ ਬੰਦ ਰੱਖਣ ਪਿਛੇ ਮੁੱਖ ਮੰਤਵ ਮੇਲੇ ਵਿੱਚ ਸ਼ਾਮਿਲ ਹੋਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸਰਧਾਲੂਆਂ ਵਲੋਂ ਸ਼ਿਰਕਤ ਕਰਨ ਦੀ ਸੰਭਾਵਨਾ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਉਨਾਂ ਦੀ ਸੁਰੱਖਿਆ ਪਹਿਲੀ ਤਰਜੀਹ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਾਂਡਾ ਰੋਡ ਅਤੇ ਸੋਢਲ ਵਿਖੇ ਰੇਲਵੇ ਨੂੰ ਰੇਲ ਗੱਡੀਆਂ ਦੀ ਗਤੀ ਨੂੰ ਹੌਲੀ ਰੱਖਣ ਨੂੰ ਪੱਕਾ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਿੰਨ ਦਿਨਾਂ ਮੇਲੇ ਦੌਰਾਨ ਪੂਰੀ ਸਾਵਧਾਨੀ ਨੂੰ ਧਿਆਨ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਬਲਾਂ ਅਤੇ ਸਰਕਾਰੀ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਕਰਮੀਆਂ ਨੂੰ ਮੇਲੇ ਦੌਰਾਨ ਸੋਢਲ ਮੰਦਿਰ ਨੇੜੇ ਰੇਲਵੇ ਕਰਾਸਿੰਗ ’ਤੇ ਤਾਇਨਾਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਨੂੰ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਲਈ ਰੇਲਵੇ ਟਰੈਕ ’ਤੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜੀ, ਸਟੇਸ਼ਨ ਸੁਪਰਡੰਟ ਆਰ.ਕੇ.ਬਹਿਲ ਅਤੇ ਹੋਰ ਵੀ ਹਾਜ਼ਰ ਸਨ।

Previous articleਬਹੁਤੇ ਕਸ਼ਮੀਰੀ ਧਾਰਾ 370 ਹਟਾਉਣ ਦੇ ਪੱਖ ’ਚ: ਡੋਵਾਲ
Next articleਮੁੱਖ ਮੰਤਰੀ ਦੇ ਸਕੱਤਰ ਨੇ ਸੁਰੇਸ਼ ਕੁਮਾਰ ਦੇ ਅਸਤੀਫ਼ੇ ਸਬੰਧੀ ਖ਼ਬਰਾਂ ਨੂੰ ਦੱਸਿਆ ‘ਅਫ਼ਵਾਹ’