ਰੋਸ ਮਾਰਚ ਕੱਢ ਪੁਲਿਸ ਪ੍ਰਸ਼ਾਸਨ ਨੂੰ ਸੋਂਪਿਆ ਮੰਗ ਪੱਤਰ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅਣਖ ਤੇ ਧਰਮ ਦੀ ਰਾਖੀ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਜਿਹੇ ਗੁਰੂ ਸਾਹਿਬਾਨ ਬਾਰੇ ਬੀਤੇ ਕੁੱਝ ਦਿਨ ਪਹਿਲਾਂ ਇੰਟਰਨੈੱਟ ਉੱਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਤੀ ਬਹੁਤ ਹੀ ਭੱਦੇ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਕਨੇਡਾ ਵਿੱਚ ਰਹਿੰਦੇ ਪਲਵਿੰਦਰ ਸਿੰਘ ਉਰਫ਼ ਪਿੰਦਰ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈਕੇ ਅੱਜ ਸ਼ੇਰੇ-ਪੰਜਾਬ ਐਂਡ ਵੈਲਫੇਅਰ ਫੈਡਰੇਸ਼ਨ ਸੋਸਾਇਟੀ (ਰਜਿ.) ਪੰਜਾਬ ਦੇ ਵਲੋਂ ਸੂਬਾ ਮੀਤ ਪ੍ਰਧਾਨ ਸੰਨੀ ਥਿੰਦ ਜੀ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ ਵਿਖੇ ਇੱਕ ਰੋਸ ਮਾਰਚ ਕੱਢਿਆ ਗਿਆ ਜੋ ਕਿ ਸ਼ਹੀਦ ਊਧਮ ਸਿੰਘ ਚੌਂਕ ਤੋਂ ਸ਼ੁਰੂ ਹੋ ਕੇ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ।
ਇਸ ਮੌਕੇ ਤੇ ਜੱਥੇਬੰਦੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੁੱਚੇ ਸਿੱਖ ਭਾਈਚਾਰੇ ਦੇ ਵਲੋਂ ਇੱਕ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪਿਆ। ਇਸ ਉਪਰੰਤ ਗੱਲਬਾਤ ਕਰਦਿਆਂ ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸੰਨੀ ਥਿੰਦ ਜੀ ਨੇ ਕਿਹਾ ਕਿ ਕਨੇਡਾ ਵਿੱਚ ਰਹਿਣ ਵਾਲੇ ਪਲਵਿੰਦਰ ਸਿੰਘ ਉਰਫ਼ ਪਿੰਦਰ ਜੋ ਕਿ ਪੰਜਾਬ ਦੇ ਹਲਕਾ ਬਟਾਲਾ ਜ਼ਿਲਾ ਗੁਰਦਾਸਪੁਰ ਦੇ ਪਿੰਡ ਭੇਂਟ ਪੱਤਣ ਨਾਲ ਸੰਬੰਧ ਰੱਖਦਾ ਹੈ, ਵਲੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਬਹੁਤ ਹੀ ਭੱਦੇ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਦੁਨੀਆਂ ਭਰ ਅੰਦਰ ਵਸਦੇ ਸਮੂਹ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਅਤੇ ਸਮੁੱਚੇ ਸਿੱਖ ਜਗਤ ਅੰਦਰ ਰੋਸ ਅਤੇ ਗੁੱਸੇ ਦੀ ਲਹਿਰ ਫੈਲ ਚੁੱਕੀ ਹੈ।
ਉਹਨਾਂ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਨ ਕਿ ਇਹ ਨੀਚ ਹਰਕਤ ਕਰਨ ਵਾਲੇ ਪਲਵਿੰਦਰ ਸਿੰਘ ਉਰਫ਼ ਪਿੰਦਰ ਨੂੰ ਜ਼ਲਦ ਤੋਂ ਜ਼ਲਦ ਭਾਰਤ ਲਿਆਂਦਾ ਜਾਵੇ ਅਤੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਸਮਾਜ ਅੰਦਰ ਫੈਲੇ ਹੋਏ ਰੋਸ ਅਤੇ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕੇ। ਅੰਤ ਵਿੱਚ ਉਹਨਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤਾਂ ਮਜਬੂਰਨ ਸਮਾਜ ਨੂੰ ਆਪਣੇ ਗੁਰੂ ਸਾਹਿਬਾਨਾਂ ਦੇ ਸਨਮਾਨ ਅਤੇ ਆਪਣੇ ਧਰਮ ਦੀ ਰੱਖਿਆ ਲਈ ਸੰਘਰਸ਼ ਦਾ ਰਸਤਾ ਅਪਣਾਉਣਾ ਪਵੇਗਾ ਜਿਸਦੀ ਪੂਰੀ ਜ਼ਿੰਮੇਵਾਰੀ ਸਿਰਫ਼ ਅਤੇ ਸਿਰਫ਼ ਸਰਕਾਰ ਦੀ ਹੀ ਹੋਵੇਗੀ। ਇਸ ਮੌਕੇ ਤੇ.ਸ਼ਰਨਜੀਤ ਸਿੰਘ ਪੱਤੜ ਚਰਨਜੀਤ ਸਿੰਘ ਚੰਨੀ ਅਮਰੀਕ ਸਿੰਘ ਗੁਰਵਿੰਦਰ ਸਿੰਘ ਗੋਰਾ ਗੋਪੀ ਸਰਪੰਚ ਐਕਸਪਾਲ ਲੋਹੀਆ ਸੁੰਨੀ ਨਵਾ ਪਿੰਡ ਵਰਿੰਦਰ ਮਿਰਜਾ ਜੁੱਗੁ ਮਹਿਤਪੁਰ ਰੂਬਲ ਥਿੰਦ ਗੋਪੀ ਕੁੱਤਬੀਵਾਲ ਸੁੱਖਾ ਜੱਬੋਵਾਲ ਡਾਕਟਰ ਸੋਢੀ ਸਾਬੀ ਅਮਾਨੀਪੁਰ ਸੋਨਾ ਮੈਰੀਪੁਰ ਆਦਿ ਵੀ ਮੁੱਖ ਤੌਰ ਤੇ ਸ਼ਾਮਿਲ ਹੋਏ।