ਸ੍ਰੀਲੰਕਾ ਵਿਚ ਈਸਟਰ ਮੌਕੇ ਹੋਏ ਬੰਬ ਧਮਾਕਿਆਂ ਦੇ ਮਾਮਲੇ ’ਚ ਤਾਮਿਲ ਮਾਧਿਅਮ ਸਕੂਲ ਦੇ ਇਕ ਅਧਿਆਪਕ ਤੇ ਇਕ ਸਕੂਲ ਦੇ ਪ੍ਰਿੰਸੀਪਲ ਸਣੇ ਕੁੱਲ 106 ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸਲਾਮਿਕ ਸਟੇਟ ਨੇ ਦਾਅਵਾ ਕੀਤਾ ਹੈ ਕਿ ਪੂਰਬੀ ਸੂਬੇ ਵਿਚ ਇਕ ਛਾਪੇ ਦੌਰਾਨ ਖ਼ੁਦ ਨੂੰ ਉਡਾ ਲੈਣ ਵਾਲੇ ਤਿੰਨ ਅਤਿਵਾਦੀ ਉਸ ਦੇ ਮੈਂਬਰ ਸਨ। ਪੁਲੀਸ ਤੇ ਸੁਰੱਖਿਆ ਬਲ ਈਸਟਰ ਮੌਕੇ ਹੋਏ ਧਮਾਕਿਆਂ ਲਈ ਜ਼ਿੰਮੇਵਾਰ ਸਥਾਨਕ ਅਤਿਵਾਦੀ ਸਮੂਹ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਦੇ ਮੈਂਬਰਾਂ ਦੀ ਲਗਾਤਾਰ ਭਾਲ ਕਰ ਰਹੇ ਹਨ। ਤਿੰਨ ਗਿਰਜਾ ਘਰਾਂ ਤੇ ਤਿੰਨ ਲਗਜ਼ਰੀ ਹੋਟਲਾਂ ਵਿਚ ਹੋਏ ਇਨ੍ਹਾਂ ਧਮਾਕਿਆਂ ’ਚ 253 ਲੋਕ ਮਾਰੇ ਗਏ ਸਨ ਤੇ 500 ਤੋਂ ਵੱਧ ਜ਼ਖ਼ਮੀ ਹੋਏ ਸਨ। ਮੁਲਕ ਦੀ ਸੀਆਈਡੀ 106 ਮਸ਼ਕੂਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਅਧਿਆਪਕ ਕੋਲੋਂ 50 ਸਿਮ ਕਾਰਡ ਤੇ ਹੋਰ ਸ਼ੱਕੀ ਸਮੱਗਰੀ ਬਰਾਮਦ ਕੀਤੀ ਗਈ ਹੈ। ਵਾਯੂਨਿਆ ਸ਼ਹਿਰ ਵਿਚ ਸੈਨਾ ਤੇ ਪੁਲੀਸ ਦੀ ਇਕ ਸਾਂਝੀ ਭਾਲ ਮੁਹਿੰਮ ’ਚ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਖ਼ੁਫੀਆ ਸੂਚਨਾ ਦੇ ਆਧਾਰ ’ਤੇ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਕਰੀਬ 3 ਘੰਟੇ ਤੱਕ ਤਲਾਸ਼ੀ ਲਈ ਗਈ। ਇਸ ਦੌਰਾਨ ਐਨਟੀਜੇ ਦੁਆਰਾ ਚਲਾਏ ਜਾ ਰਹੇ ਇਕ ਸਕੂਲ ਬਾਰੇ ਸੂਚਨਾ ਮਿਲਣ ਤੋਂ ਬਾਅਦ ਚਲਾਈ ਤਲਾਸ਼ੀ ਮੁਹਿੰਮ ਵਿਚ ਗਾਲੇ ਦੇ ਡੰਮਗੇਦਰਾ ਇਲਾਕੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਸਕੂਲ ਦਾ ਪ੍ਰਿੰਸੀਪਲ ਹੈ ਤੇ ਦੂਜਾ ਡਾਕਟਰ ਹੈ। ਸ੍ਰੀਲੰਕਾ ਨੇ ਸ਼ਨਿਚਰਵਾਰ ਨੂੰ ਐਨਟੀਜੇ ਅਤੇ ਆਈਐੱਸਆਈਐੱਸ ਨਾਲ ਜੁੜੇ ਇਕ ਸਮੂਹ ’ਤੇ ਪਾਬੰਦੀ ਲਾ ਦਿੱਤੀ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੂਰਬੀ ਸੂਬੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਈਸਟਰ ’ਤੇ ਹਮਲਾ ਕਰਨ ਵਾਲੇ ਸਮੂਹ ਨਾਲ ਜੁੜੇ ਫਿਦਾਈਨਾਂ ਨੇ ਖ਼ੁਦ ਨੂੰ ਉਡਾ ਲਿਆ ਸੀ। ਇਸਲਾਮਿਕ ਸਟੇਟ ਅਤਿਵਾਦੀ ਸਮੂਹ ਨੇ ਆਪਣੀ ਪ੍ਰਚਾਰ ਏਜੰਸੀ ‘ਅਮਾਕ’ ਰਾਹੀਂ ਐਤਵਾਰ ਸਵੇਰੇ ਬਿਆਨ ਜਾਰੀ ਕਰ ਕੇ ਦਾਅਵਾ ਕੀਤਾ ਕਿ ਆਤਮਘਾਤੀ ਬੰਬਾਰ ਉਨ੍ਹਾਂ ਦੇ ਨਾਲ ਸਬੰਧਤ ਸਨ।
HOME ਸ੍ਰੀਲੰਕਾ: ਸਕੂਲ ਅਧਿਆਪਕ ਸਣੇ 106 ਗ੍ਰਿਫ਼ਤਾਰ