ਸ੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਰਚਿਆ ਇਤਿਹਾਸ

ਉਸ਼ਾਦਾ ਫਰਨੈਂਡੋ ਅਤੇ ਕੁਸ਼ਾਲ ਮੈਂਡਿਸ ਦੀਆਂ ਨਾਬਾਦ ਅਰਧ ਸੈਂਕੜੇ ਦੀਆਂ ਪਾਰੀਆਂ ਦੇ ਨਾਲ ਸ੍ਰੀਲੰਕਾ ਨੇ ਦੱਖਣੀ ਅਫਰੀਕਾ ਨੂੰ ਦੂਜੇ ਕਿ੍ਕਟ ਟੈਸਟ ਮੈਚ ਦੇ ਤੀਜੇ ਦਿਨ ਸ਼ਨਿਚਰਵਾਰ ਨੂੰ ਇੱਥੇ ਅੱਠ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇਸ ਤਰ੍ਹਾਂ ਸ੍ਰੀਲੰਕਾ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ 2-0 ਦੀ ਅਜਿੱਤ ਲੀਡ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਤਰ੍ਹਾਂ ਸ੍ਰੀਲੰਕਾ ਦੀ ਟੀਮ ਦੱਖਣੀ ਅਫਰੀਕਾ ਦੀ ਧਰਤੀ ਉੱਤੇ ਲੜੀ ਜਿੱਤਣ ਵਾਲੀ ਪਹਿਲੀ ਏਸ਼ਿਆਈ ਟੀਮ ਵੀ ਬਣ ਗਈ ਹੈ। ਡਰਬਨ ਵਿੱਚ ਪਹਿਲਾ ਟੈਸਟ ਮੈਚ ਇੱਕ ਵਿਕਟ ਨਾਲ ਜਿੱਤਣ ਵਾਲੀ ਸ੍ਰੀਲੰਕਾ ਦੀ ਟੀਮ ਨੂੰ ਦੂਜਾ ਟੈਸਟ ਮੈਚ ਜਿੱਤਣ ਵਿੱਚ ਕੋਈ ਦਿੱਕਤ ਨਹੀਂ ਆਈ। ਟੀਮ ਅੱਗੇ 197 ਦੌੜਾਂ ਦਾ ਟੀਚਾ ਸੀ। ਫਰਨੈਂਡੋ ਨੇ 106 ਗੇਂਦਾਂ ਵਿੱਚ ਨਾਬਾਦ 75 ਦੌੜਾਂ ਅਤੇ ਮੈਂਡਿਸ ਨੇ 110 ਗੇਂਦਾਂ ਵਿੱਚ ਨਾਬਾਦ 84 ਦੌੜਾਂ ਬਣਾਈਆਂ। ਫਰਨੈਡੋ ਅਤੇ ਮੈਂਡਿਸ ਨੇ ਤੀਜੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਆਸਾਨ ਜਿੱਤ ਦਿਵਾਈ। ਸ੍ਰੀਲੰਕਾ ਨੇ ਤੀਜੇ ਦਿਨ ਲੰਚ ਦੇ ਸਮੇਂ ਤੱਕ ਹੀ ਟੀਚਾ ਹਾਸਲ ਕਰ ਲਿਆ। ਦੱਖਣੀ ਅਫਰੀਕਾ ਨੇ ਆਪਣੀ ਪਹਿਲੀ ਪਾਰੀ ਵਿੱਚ 222 ਦੌੜਾਂ ਬਣਾ ਕੇ ਸ੍ਰੀਲੰਕਾ ਨੂੰ 154 ਦੌੜਾਂ ਉੱਤੇ ਆਊਟ ਕਰ ਦਿੱਤਾ ਸੀ। ਸ੍ਰੀਲੰਕਾ ਨੇ ਹਾਲਾਂ ਕਿ ਦੱਖਣੀ ਅਫਰੀਕਾ ਨੂੰ ਦੂਜੀ ਪਾਰੀ ਦੇ ਵਿੱਚ 128 ਦੌੜਾਂ ਉੱਤੇ ਆਉੂਟ ਕਰਕੇ ਸ਼ਾਨਦਾਰ ਵਾਪਸੀ ਕੀਤੀ ਸੀ। ਸ੍ਰੀਲੰਕਾ ਨੇ ਸਵੇਰੇ ਦੋ ਵਿਕਟਾਂ ਉੱਤੇ 60 ਦੌੜਾਂ ਤੋਂ ਪਾਰੀ ਅੱਗੇ ਖੇਡਣੀ ਸ਼ੁਰੂ ਕੀਤੀ। ਫਰਨੈਂਡੋ ਅਤੇ ਮੈਂਡਿਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਸ੍ਰੀਲੰਕਾ ਦੀ ਜਿੱਤ ਹਾਲ ’ਚ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ ਹੈ। ਦੱਖਣੀ ਅਫਰੀਕਾ ਨੇ ਆਪਣੀ ਸਰਜ਼ਮੀ ਉੱਤੇ ਸੱਤ ਲੜੀਆਂ ਜਿੱਤੀਆਂ ਹਨ। ਡਰਬਨ ਵਿੱਚ ਹਾਰਨ ਤੋਂ ਪਹਿਲਾਂ ਉਸਨੇ ਦੇਸ਼ ਵਿੱਚ 19 ਵਿੱਚੋਂ 16 ਮੈਚ ਜਿੱਤੇ ਹਨ। ਦੂਜੇ ਪਾਸੇ ਸ੍ਰੀਲੰਕਾ ਨੇ ਦੱਖਣੀ ਅਫਰੀਕਾ ਆਉਣ ਤੋਂ ਪਹਿਲਾਂ ਸੱਤ ਵਿੱਚੋਂ ਛੇ ਟੈਸਟ ਮੈਚ ਹਾਰੇ ਸਨ ਅਤੇ ਇੱਕ ਮੈਚ ਡਰਾਅ ਕਰਵਾਇਆ ਸੀ। 

Previous articleਛੇੜਛਾੜ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਪ੍ਰਦਰਸ਼ਨ
Next articleਸਰਕਰੀ ਪ੍ਰਾਈਮਰੀ ਸਕੂਲ ਰਸੂਲਪੁਰ ਵਿਖੇ ਸਲਾਨਾ ਸਮਾਗਮ ਕਰਾਇਆ ਗਿਆ