ਸ੍ਰੀਲੰਕਾ ਦੀ ਸੱਤਾ ‘ਤੇ ਰਾਜਪਕਸ਼ੇ ਪਰਿਵਾਰ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਹੈ।ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਵੀਰਵਾਰ ਨੂੰ ਆਪਣੇ ਵੱਡੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਗੋਤਬਾਯਾ ਐਤਵਾਰ ਨੂੰ ਸ੍ਰੀਲੰਕਾ ਦੇ ਰਾਸ਼ਟਰਪਤੀ ਚੁਣੇ ਗਏ ਸਨ। ਇਸ ਟਾਪੂਨੁਮਾ ਦੇਸ਼ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੋਵਾਂ ਅਹਿਮ ਅਹੁਦਿਆਂ ‘ਤੇ ਸੱਕੇ ਭਰਾ ਕਾਬਜ਼ ਹਨ। ਮਹਿੰਦਾ ਰਾਜਪਕਸ਼ੇ ਜਦੋਂ ਰਾਸ਼ਟਰਪਤੀ ਸਨ ਤਦ ਉਨ੍ਹਾਂ ਨੇ ਆਪਣੇ ਛੋਟੇ ਭਰਾ ਗੋਤਬਾਯਾ ਨੂੰ ਰੱਖਿਆ ਸਕੱਤਰ ਬਣਾਇਆ ਸੀ।
ਰਾਸ਼ਟਰਪਤੀ ਸਕੱਤਰੇਤ ਵਿਚ 74 ਸਾਲਾ ਮਹਿੰਦਾ ਨੇ ਸ੍ਰੀਲੰਕਾ ਦੇ 23ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ ਅਗਲੇ ਸਾਲ ਅਗਸਤ ਵਿਚ ਹੋਣ ਵਾਲੀ ਆਮ ਚੋਣ ਤਕ ਇਸ ਅਹੁਦੇ ਨੂੰ ਸੰਭਾਲਣਗੇ। ਇਸ ਮੌਕੇ ‘ਤੇ ਸਾਬਕਾ ਰਾਸ਼ਟਰਪਤੀ ਮੈਤ੍ਰੀਪਾਲ ਸਿਰੀਸੇਨ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਵੀ ਮੌਜੂਦ ਸਨ। ਰਾਸ਼ਟਰਪਤੀ ਚੋਣ ਵਿਚ ਗੋਤਬਾਯਾ ਦੀ ਜਿੱਤ ਪਿੱਛੋਂ ਰਾਨਿਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। 70 ਸਾਲਾ ਗੋਤਬਾਯਾ ਨੇ ਰਾਸ਼ਟਰਪਤੀ ਚੋਣ ਵਿਚ ਸੱਤਾਧਾਰੀ ਯੂਨਾਈਟਿਡ ਨੈਸ਼ਨਲ ਪਾਰਟੀ (ਯੂਐੱਨਪੀ) ਦੇ ਉਮੀਦਵਾਰ ਸਜਿਤ ਪ੍ਰੇਮਦਾਸਾ ਨੂੰ ਹਰਾਇਆ ਸੀ। ਗੋਤਬਾਯਾ ਨੇ ਬੀਤੇ ਸੋਮਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ।