ਸੋਸ਼ਲ ਮੀਡੀਆ ਨੇ ਭੰਬਲਭੂਸੇ ਵਿੱਚ ਪਾਇਆ ਮਨੁੱਖ!!

ਜਸਵਿੰਦਰ ਸਿੰਘ

(ਸਮਾਜ ਵੀਕਲੀ)

ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅੱਜ ਦਾ ਦੌਰ ਸੋਸ਼ਲ ਮੀਡੀਆ ਦਾ ਦੌਰ ਹੈ। ਅਸੀਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਏ ਦਿਨ ਇਸ ਵਿਸ਼ੇ ਉੱਤੇ ਸੈਮੀਨਾਰ, ਗੋਸ਼ਠੀਆਂ ਵੀ ਕਰਵਾ ਰਹੇ ਹਾਂ। ਇੱਕ ਪਾਸੇ ਜਿੱਥੇ ਅਸੀਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਸਾਧਨਾਂ ਦੀ ਵਰਤੋਂ ਪੜ੍ਹਾਈ ਵਿੱਚ ਕਰਨ ਲਈ ਉਤਸ਼ਾਹਿਤ ਕਰਦੇ ਹਾਂ, ਉੱਥੇ ਹੀ ਦੂਜੇ ਪਾਸੇ ਅਸੀਂ ਵਿਦਿਆਰਥੀਆਂ ਨੂੰ ਇਹਨਾਂ ਸਾਧਨਾਂ ਤੋਂ ਦੂਰ ਰਹਿਣ ਲਈ ਵੀ ਕਹਿੰਦੇ ਹਾਂ, ਜਾਂ ਫਿਰ ਇਹਨਾਂ ਸਾਧਨਾਂ ਦੀ ਵਰਤੋਂ ਲੋੜ ਅਨੁਸਾਰ ਕਰਨ ਲਈ ਕਹਿੰਦੇ ਹਾਂ।ਜਿਸ ਨਾਲ ਵਿਦਿਆਰਥੀ ਵੀ ਭੰਬਲਭੂਸੇ ਵਿੱਚ ਹਨ ਕਿ ਸੋਸ਼ਲ ਮੀਡੀਆ ਦੀ ਵਰਤੋਂ ਸਾਡੇ ਲਈ ਲਾਭਦਾਇਕ ਹੈ ਜਾਂ ਹਾਨੀਕਾਰਕ, ਜੇ ਹਾਨੀਕਾਰਕ ਹੈ ਤਾਂ ਸਾਨੂੰ ਸਕੂਲਾਂ, ਕਾਲਜਾਂ ਵਿੱਚ ਇਹਨਾਂ ਦੀ ਵਰਤੋਂ ਕਰਨ ਲਈ ਕਿਓਂ ਕਿਹਾ ਜਾਂਦਾ ਹੈ।

ਸੋ ਸਾਨੂੰ ਅੱਜ ਦੇ ਸਮੇਂ ਵਿੱਚ ਕੇਵਲ ਸੋਸ਼ਲ ਮੀਡੀਆ ਤੇ ਸੈਮੀਨਾਰ, ਗੋਸ਼ਠੀਆਂ ਕਰਾਉਣ ਤੱਕ ਸੀਮਤ ਰਹਿਣ ਦੀ ਥਾਂ ਵਿਦਿਆਰਥੀਆਂ ਨੂੰ ਇਹਨਾਂ ਦੇ ਅਸਲ ਲਾਭ ਅਤੇ ਅਸਲ ਹਾਨੀਆਂ ਬਾਰੇ ਬਹੁਤ ਬਾਰੀਕੀ ਨਾਲ ਦੱਸਣ ਦੀ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਿੰਝ ਕਰਨੀ ਹੈ ਦਾ ਗਿਆਨ ਹੋ ਸਕੇ। ਦੁਜੇ ਪਾਸੇ ਜੇਕਰ ਵਿਦਿਆਰਥੀਆਂ ਸਮੇਤ ਅੱਜ ਦੇ ਹਰ ਵਰਗ ਦੀ ਗੱਲ ਕਰੀਏ ਜੋ ਸਿੱਧੇ ਰੂਪ ਵਿੱਚ ਸੋਸ਼ਲ ਮੀਡੀਆ ਦੇ ਸੰਪਰਕ ਵਿੱਚ ਹੈ, ਉਹ ਵੀ ਕਿਤੇ ਨਾ ਕਿਤੇ ਇਸ ਪ੍ਰਤੀ ਕਸ਼ਮਕਸ਼ ਦੀ ਸਥਿਤੀ ਵਿਚ ਹੈ।ਭਾਵ ਅਸੀਂ ਸਾਰੇ ਬਾਖੂਬੀ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਭੂਤਕਾਲ, ਵਰਤਮਾਨ ਅਤੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਪ੍ਰਕਾਰ ਦੀ ਸਰਗਰਮੀ ਦੀ ਜਾਣਕਾਰੀ ਜੁਟਾਉਣ ਦਾ ਇੱਕ ਉੱਤਮ ਸਾਧਨ ਹੈ।ਪਰ ਸੋਸ਼ਲ ਮੀਡੀਆ ਖਾਸ ਕਰ ਫੇਸਬੂਕ ਜਾਂ ਵੱਟਸਐਪ ਤੋਂ ਪ੍ਰਾਪਤ ਹੋਣ ਵਾਲੀ ਜਾਣਕਾਰੀ ਮਨੁੱਖ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੀ ਹੁੰਦੀ ਹੈ। ਇੱਕ ਹੀ ਘਟਨਾ ਬਾਰੇ ਫੇਸਬੁੱਕ ਜਾਂ ਵੱਟਸਐਪ ਤੇ ਬਣੇ ਵੱਖਰੇ-ਵੱਖਰੇ ਗਰੁੱਪਾਂ ਵਿੱਚ ਪਾਈ ਜਾਣਕਾਰੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ।

ਇਹਨਾਂ ਸਾਧਨਾਂ ਦੁਆਰਾ ਮੁਹੱਈਆ ਕਰਵਾਈ ਜਾਣਕਾਰੀ ਪੜ੍ਹਨ ਵਾਲਾ ਵਿਅਕਤੀ ਇਸੇ ਭੰਬਲਭੂਸੇ ਵਿੱਚ ਰਹਿੰਦਾ ਹੈ ਕਿ ਕਿਹੜੀ ਖ਼ਬਰ ਸਹੀ ਹੈ ਜਾਂ ਕਿਹੜੀ ਖ਼ਬਰ ਗ਼ਲਤ ਹੈ। ਇਸਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਇਹਨਾਂ ਵਿੱਚ ਪਾਈਆਂ ਜ਼ਿਆਦਾਤਰ ਜਾਣਕਾਰੀਆਂ ਸਮਾਜ ਅਤੇ ਦੇਸ਼ ਵਿੱਚ ਅਰਾਜਕਤਾ ਦਾ ਮਾਹੌਲ ਸਿਰਜਦੀਆਂ ਹਨ। ਖਾਸ ਕਰ ਭਾਰਤ ਦੇਸ ਜਿਸ ਦੇ ਲਿਖਤੀ ਸੰਵਿਧਾਨ ਵਿੱਚ ਪਹਿਲੀ ਸਤਰ ਹੀ ਇਹ ਹੈ ਕਿ ‘ ਅਸੀਂ ਭਾਰਤ ਦੇ ਲੋਕ’ ਜਿਸ ਤੋਂ ਧਰਮ ਨਿਰਪੱਖਤਾ ਦਾ, ਆਪਸੀ ਭਾਈਚਾਰੇ ਦਾ ਅਤੇ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਇਨਸਾਨ ਨੂੰ ਪਿਆਰ ਕਰਨ ਦਾ ਭਾਵ ਸਪਸ਼ਟ ਹੁੰਦਾ ਹੈ।ਪਰ ਅੱਜ ਦੇ ਸਮੇਂ ਵਿੱਚ ਇਹਨਾਂ ਸੋਸ਼ਲ ਮੀਡੀਆ ਤੇ ਬਣੇ ਗਰੁੱਪਾਂ ਵਿੱਚ ਸ਼ਾਮਲ ਇਹੋ ਭਾਰਤੀ ਲੋਕ ਜਾਂ ਤਾਂ ਇਹ ਗੱਲ ਭੁੱਲ ਚੁੱਕੇ ਹਨ ਜਾਂ ਫਿਰ ਉਹਨਾਂ ਕੁੱਝ ਕੁ ਲੋਕਾਂ ਨੂੰ ਇਹਨਾਂ ਸਤਰਾਂ ਦੇ ਅਸਲ ਭਾਵ ਹੀ ਸਪੱਸ਼ਟ ਨਹੀਂ ਹਨ।

ਹਰ ਕੋਈ ਇਹਨਾਂ ਗਰੁੱਪਾਂ ਵਿੱਚ ਬਿਨਾਂ ਕਿਸੇ ਜਾਣਕਾਰੀ ਦੇ ਕਿਸੇ ਧਰਮ-ਜਾਤ ਬਾਰੇ ਅਪਣੀ ਨਾਕਾਰਾਤਮਕ ਟਿੱਪਣੀ ਕਰ ਦਿੰਦਾ ਹੈ ਤੇ ਫਿਰ ਸ਼ੁਰੂ ਹੋ ਜਾਂਦੀ ਹੈ ਸੋਸ਼ਲ ਮੀਡੀਆ ਦੇ ਇਹਨਾਂ ਸਾਧਨਾਂ ਤੇ ਅਪਣੇ ਆਪ ਨੂੰ ਅਤੇ ਆਪਣੀ ਜਾਤ-ਧਰਮ ਨੂੰ ਸਹੀ ਸਾਬਤ ਕਰਨ ਦੀ ਜੰਗ। ਇੱਥੇ ਹੀ ਬਸ ਨਹੀਂ ਫਿਰ ਇਹ ਸ਼ਰਾਰਤੀ ਤੱਤ ਇਹਨਾਂ ਗਰੁੱਪਾਂ ਵਿੱਚ ਹੀ ਗਾਲੀ ਗਲੋਚ ਵੀ ਕਰਨ ਲੱਗ ਪੈਂਦੇ ਹਨ। ਕਿਸੇ ਵਿਦਵਾਨ ਨੇ ਬਿਲਕੁਲ ਠੀਕ ਹੀ ਕਿਹਾ ਹੈ ਕਿ ਅਧੂਰੀ ਜਾਣਕਾਰੀ ਨਾਲੋਂ ਜਾਣਕਾਰੀ ਨਾ ਹੋਣਾ ਕਿਤੇ ਜ਼ਿਆਦਾ ਵਧੀਆ ਗੱਲ ਹੈ। ਪਰ ਅੱਜ ਦਾ ਨੌਜਵਾਨ ਇਸ ਗੱਲ ਦੀ ਪਰਵਾਹ ਨਾ ਕਰਦੇ ਹੋਏ ਆਪਣੇ-ਆਪ ਨੂੰ ਗਿਆਨਵਾਨ ਸਿੱਧ ਕਰਨ ਲਈ ਅੱਧੀ-ਅਧੂਰੀ ਜਾਣਕਾਰੀ ਬਿਨਾਂ ਕਿਸੇ ਸਬੂਤ ਅਤੇ ਤਰਕ ਦੇ ਇਹਨਾਂ ਸਾਈਟਾਂ ਤੇ ਸਾਂਝੀ ਕਰ ਦਿੰਦਾ ਹੈ ਜੋ ਦੁੱਜੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ।

ਪਿੱਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਪੱਛਮ ਤੋਂ ਆਏ ਤਿਓਹਾਰ ‘ਵੈਲਨਟਾਇਨ ਡੇ’ ਦੇ ਵਿਰੋਧ ਵਿੱਚ ਕੁੱਝ ਕੱਟੜ ਸੋਚ ਰੱਖਣ ਵਾਲੇ ਵਿਅਕਤੀਆਂ ਦੁਆਰਾ ਝੁੱਠੀ ਖਬਰ ਪ੍ਰਚਾਰੀ ਜਾ ਰਹੀ ਸੀ ਕਿ ਇਸ ਦਿਨ ਨੂੰ ਪਿਆਰ ਦਾ ਤਿਉਹਾਰ ਨਾ ਬਣਾ ਕੇ ਮਾਤਮ ਦਿਨ ਵਜੋਂ ਮਨਾਇਆ ਜਾਵੇ ਕਿਉਂਕਿ ਇਸ ਦਿਨ ਮਹਾਨ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ। ਕੁੱਝ ਕੱਟੜ ਸੋਚ ਰੱਖਣ ਵਾਲੇ ਅਤੇ ਸੋਸ਼ਲ ਮੀਡੀਆ ਤੇ ਆਈ ਹਰ ਜਾਣਕਾਰੀ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨ ਵਾਲੇ ਲੋਕਾਂ ਨੇ ਆਪਣੇ ਫੇਸਬੁੱਕ ਅਤੇ ਵੱਟਸਐਪ ਅਕਾਊਂਟ ਤੇ ਇਸ ਗੱਲ ਦਾ ਜੱਮ ਕੇ ਪ੍ਰਚਾਰ ਕੀਤਾ।ਪਰ ਫਿਰ ਨਾਲ ਹੀ ਇਸ ਖਬਰ ਨੂੰ ਗਲਤ ਸਿੱਧ ਕਰਨ ਲਈ ਸਬੂਤਾਂ ਸਮੇਤ ਕਿ ਭਗਤ ਸਿੰਘ ਨੂੰ ਇਸ ਦਿਨ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ ਸੀ ਵਾਲੀ ਖ਼ਬਰ ਵੀ ਸੋਸ਼ਲ ਮੀਡੀਆ ਤੇ ਛਾ ਗਈ।

ਸਾਰਾ ਦਿਨ ਪਹਿਲੀ ਖਬਰ ਦਾ ਪ੍ਰਚਾਰ ਕਰਨ ਵਾਲੇ ਲੋਕ ਫਿਰ ਬਾਅਦ ਵਿੱਚ ਦੁੱਜੀ ਗਲ ਦਾ ਪ੍ਰਚਾਰ ਕਰਨ ਵਿੱਚ ਵਿਅਸਤ ਹੋ ਗਏ। ਹੁਣ ਇਸ ਤੋਂ ਕੀ ਸਮਝਿਆ ਜਾਵੇ ਕਿ ਸੋਸ਼ਲ ਮੀਡੀਆ ਦੀ ਹੱਦੋਂ ਵੱਧ ਵਰਤੋਂ ਕਰਕੇ ਅੱਜ ਦਾ ਮਨੁੱਖ ਮੌਕਾ ਪ੍ਰਸਤ ਹੋ ਗਿਆ ਹੈ ਜਾਂ ਇਹ ਲੋਕ ਆਪਣੀ ਸੋਚਣ-ਸਮਝਣ ਦੀ ਸ਼ਕਤੀ ਹੀ ਗਵਾ ਬੈਠੇ ਹਨ ਜਿਸ ਕਰਕੇ ਹੀ ਇਹਨਾਂ ਲੋਕਾਂ ਵਿੱਚ ਨਾ ਤਾਂ ਸਹੀ ਗਲਤ ਵਿੱਚ ਫਰਕ ਕਰਨ ਦਾ ਸਮਾਂ ਹੀ ਰਿਹਾ ਹੈ ਅਤੇ ਨਾ ਹੀ ਕਾਬਲੀਅਤ।ਇਸ ਵਿਸ਼ੇ ਨੂੰ ਡੁੰਘਾਈ ਵਿਚ ਸੋਚਣ- ਵਿਚਾਰਨ ਦੀ ਲੋੜ ਹੈ । ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੀਜੇ ਸੰਸਾਰ ਯੁੱਧ ਦਾ ਇੱਕ ਬਹੁਤ ਵੱਡਾ ਕਾਰਨ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਇਹ ਅਫਵਾਹਾਂ ਹੋਣਗੀਆਂ।

ਜਸਵਿੰਦਰ ਸਿੰਘ
ਈ.ਟੀ.ਟੀ ਅਧਿਆਪਕ
ਸਰਕਾਰੀ ਐਲੀਮੈਂਟਰੀ ਸਕੂਲ
ਰਾਮਘੜ੍ਹ ਛੰਨਾ, ਬਲਾਕ ਭਾਦਸੋਂ-1, ਪਟਿਆਲਾ।
9855001719

Previous articleUS elderly get big boost from Covid vax
Next articleUS proposes action against India’s equalisation levy