ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਦੀ ਬਟਾਲਾ ਫੇਰੀ ਦੇ ਚਰਚੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪਟਾਕਾ ਫੈਕਟਰੀ ’ਚ ਜ਼ਖ਼ਮੀ ਹੋਏ ਮਰੀਜ਼ਾਂ ਦੀ ਮਿਜ਼ਾਜਪੁਰਸੀ ਲਈ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਆਏ, ਪਰ ਪੀੜਤ ਪਰਿਵਾਰਾਂ ਲਈ ਮਾਲੀ ਸਹਾਇਤਾ ਦਾ ਕੋਈ ਵਾਜਬ ਐਲਾਨ ਨਾ ਕੀਤੇ ਜਾਣ ’ਤੇ ਸਥਾਨਕ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਦੀ ਫੇਰੀ ਨੂੰ ਮਹਿਜ਼ ਖਾਨਾਪੂਰਤੀ ਕਰਾਰ ਦਿੱਤਾ ਗਿਆ। ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਵੀ ਚਰਚਾ ਹੈ ਕਿ ਅਸਲ ਵਿੱਚ ਕੈਪਟਨ ਨੂੰ ਰਾਜਸੀ ਲੀਡਰਾਂ ਨੇ ਉਨ੍ਹਾਂ ਨੂੰ ਇੱਥੋਂ ਦੇ ਹੋਏ ਆਰਥਿਕ ਨੁਕਸਾਨ ਬਾਰੇ ਜਿੱਥੇ ਬਹੁਤੀ ਜਾਣਕਾਰੀ ਨਹੀਂ ਦਿੱਤੀ, ਉਥੇ ਸਥਾਨਕ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਸਿੱਧੇ ਢੰਗ ਨਾਲ ਬਚਾਉਣ ਲਈ ਰਾਹ ਪੱਧਰ ਕਰ ਰਹੇ ਹਨ, ਤਾਂ ਜੋ ਚਹੇਤੇ ਅਧਿਕਾਰੀਆਂ ਦਾ ਕਿਧਰੇ ਤਬਾਦਲਾ ਨਾ ਹੋ ਜਾਵੇ। ਗੁੱਸੇ ਨਾਲ ਭਰੇ-ਪੀਤੇ ਲੋਕਾਂ ਨੇ ਕਿਹਾ ਕਿ ਗੰਦੇ ਨਾਲੇ ਦੀ ਕਦੇ ਸਫ਼ਾਈ ਨਹੀਂ ਕਰਵਾਈ ਗਈ। ਜਦੋਂਕਿ ਨਾਲੇ ਨੂੰ ਜਿਥੋਂ ਪਰਦਾ ਲਾ ਕੇ ਢੱਕਿਆ ਗਿਆ ਸੀ, ਅਸਲ ’ਚ ਘਟਨਾ ਵਾਲੇ ਦਿਨ ਉਥੇ ਕੁਝ ਲਾਸ਼ਾਂ ਅਤੇ ਵਾਹਨ ਡਿੱਗੇ ਸਨ। ਮੁੱਖ ਮੰਤਰੀ ਦੀ ਹਸਪਤਾਲ ਫੇਰੀ ਮੌਕੇ ਕੁਝ ਰਾਜਸੀ ਲੀਡਰਾਂ ਵੱਲੋਂ ਇੱਕ ਦੂਸਰੇ ਨੂੰ ਪਿੱਛੇ ਧੱਕ ਕੇ ਫੋਟੋਆਂ ਕਰਵਾਉਣ ਦੀ ਕਾਰਵਾਈ ਵੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕੈਪਟਨ ਦੀ ਫੇਰੀ ਨੂੰ ‘ਸਿਆਸੀ ਫੇਰੀ’ ਕਰਾਰ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਨੂੰ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖ਼ਮੀਆਂ ਲਈ ਵੱਧ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 2 ਲੱਖ ਰੁਪਏ ਤਾਂ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਟਕਪੂਰਾ ਗੋਲੀ ਕਾਂਡ ਵਿੱਚ 2 ਨੌਜਵਾਨਾਂ ਦੇ ਵਾਰਸਾਂ ਨੂੰ ਇੱਕ-ਇੱਕ ਕਰੋੜ ਰੁਪਏ ਪੰਜਾਬ ਸਰਕਾਰ ਦੇ ਸਕਦੀ ਤਾਂ ਫਿਰ ਬਟਾਲਾ ਕਾਂਡ ਵਿੱਚ ਕਿਉਂ ਨਹੀਂ?

Previous articleਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ
Next articleਮਿਸ਼ਨ ਚੰਦਰਯਾਨ: ਭਾਰਤ ਇਤਿਹਾਸ ਸਿਰਜਣ ਤੋਂ ਖੁੰਝਿਆ