ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਐਤਵਾਰ ਨੂੰ ਚਾਰ-ਮੰਜ਼ਿਲਾ ਇਮਾਰਤ ਢਹਿ ਗਈ। ਇਸ ਹਾਦਸੇ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 27 ਹੋਰ ਜ਼ਖ਼ਮੀ ਹੋ ਗਏ। ਮਿ੍ਤਕਾਂ ਵਿੱਚ ਇਕ ਫੌਜੀ ਜਵਾਨ ਸ਼ਾਮਲ ਹੈ। ਇਹ ਇਮਾਰਤ ਨਾਹਨ-ਕੁਮਾਰਹੱਟੀ ਸੜਕ ’ਤੇ ਸਥਿਤ ਸੀ ਅਤੇ ਇਲਾਕੇ ਵਿੱਚ ਪੈ ਰਹੀ ਭਾਰੀ ਮੀਂਹ ਕਾਰਨ ਢਹੀ ਦੱਸੀ ਜਾਂਦੀ ਹੈ। ਸੋਲਨ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇਕ ਫੌਜੀ ਜਵਾਨ ਅਤੇ ਆਮ ਨਾਗਰਿਕ ਦੀ ਮੌਤ ਹੋਈ ਹੈ। ਪ੍ਰਤੱਖਦਰਸ਼ੀ ਚਮਨ ਨੇ ਪੀਟੀਆਈ ਨੂੰ ਦੱਸਿਆ ਕਿ ਮਲਬੇ ਵਿੱਚ 37 ਲੋਕ ਫਸੇ ਹੋਏ ਸਨ ਅਤੇ ਹੁਣ ਤਕ 23 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ। ਮਲਬੇ ਵਿੱਚੋਂ ਦੋ ਲਾਸ਼ਾਂ ਨੂੰ ਕੱਢਿਆ ਗਿਆ ਹੈ। ਬਚਾਏ ਗਏ ਵਿਅਕਤੀਆਂ ਨੂੰ ਕਈ ਥਾਵਾਂ ’ਤੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਹਾਲੇ 8 ਹੋਰ ਵਿਅਕਤੀ ਮਲਬੇ ਹੇਠਾਂ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਰਾਹਤ ਕਾਰਜ ਜਾਰੀ ਹਨ। ਭਾਰਤੀ ਫੌਜ, ਸੀਆਰਪੀਐਫ ਅਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਪੰਚਕੂਲਾ ਤੋਂ ਐਨਡੀਆਰਐਫ ਦੀ ਟੀਮ ਨੂੰ ਵੀ ਮੌਕੇ ’ਤੇ ਸੱਦਿਆ ਗਿਆ ਹੈ। ਮੀਂਹ ਕਾਰਨ ਰਾਹਤ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ। ਮਰਨ ਵਾਲਿਆਂ ਵਿੱਚ ਜੇਸੀਓ ਸ਼ਾਮਲ ਹੈ। ਦੱਸਣਯੋਗ ਹੈ ਕਿ ਫੌਜੀ ਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਉੱਤਰਾਖੰਡ ਜਾਂਦਿਆਂ ਰਾਹ ਵਿੱਚ ਦੁਪਹਿਰ ਦੇ ਖਾਣੇ ਲਈ ਇਸ ਰੈਸਟੋਰੈਂਟ ਵਿੱਚ ਰੁਕੇ ਸਨ। ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ। ਇਸ ਘਟਨਾ ’ਤੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਟਵੀਟ ਕੀਤਾ, ‘‘ ਸੋਲਨ, ਹਿਮਾਚਲ ਪ੍ਰਦੇਸ਼ ਵਿੱਚ ਇਮਾਰਤ ਡਿੱਗਣ ਦੀ ਦੁਖੀ ਕਰਨ ਵਾਲੀ ਖ਼ਬਰ ਮਿਲੀ ਹੈ, ਜਿਸ ਵਿੱਚ ਫੌਜ ਦੇ ਕੁਝ ਜਵਾਨ ਵੀ ਫਸੇ ਹੋਣ ਦੀ ਸੂਚਨਾ ਹੈ। ਰਾਹਤ ਕਾਰਜਾਂ ਬਾਰੇ ਮੈਂ ਸੂਬੇ ਦੇ ਮੁੱਖ ਮੰਤਰੀ ਜੈਰਾਮ ਜੀ ਨਾਲ ਗੱਲਬਾਤ ਕੀਤੀ ਹੈ, ਉਹ ਆਪ ਇਸ ਦੀ ਨਿਗਰਾਨੀ ਕਰ ਰਹੇ ਹਨ। ਮੈਂ ਈਸ਼ਵਰ ਤੋਂ ਸਭਨਾਂ ਨੂੰ ਬਚਾਏ ਜਾਣ ਦੀ ਕਾਮਨਾ ਕਰਦਾ ਹਾਂ। ’’
HOME ਸੋਲਨ ’ਚ ਚਾਰ ਮੰਜ਼ਿਲਾ ਇਮਾਰਤ ਡਿੱਗੀ; 2 ਹਲਾਕ, 27 ਜ਼ਖ਼ਮੀ